ਇੱਕ ਪੱਤਰ,ਯਾਦਾਂ ਦੇ ਝਰੋਖੇ ਚੋਂ..!

03/23/2018 4:39:37 PM

ਇਕ ਜ਼ਰੂਰੀ ਕਾਗ਼ਜ਼ ਵੇਖਣ ਲਈ ਜਦ ਅੱਜ ਅਪਣੇ ਸਰਟੀਫਿਕੇਟਾਂ ਵਾਲੀ ਫਾਈਲ ਫਰੋਲ ਰਿਹਾ ਸਾਂ, ਤਾਂ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਮਿਤੀ14-03-97 ਦਾ ਮੇਰੇ ਨਾਂ ਲਿਖਿਆ  ਪੱਤਰ  ਲੰਮੇ ਅਰਸੇ ਬਾਅਦ ਨਜ਼ਰੀਂ ਪਿਆ ,ਉਸ ਨੂੰ ਦੁਬਾਰਾ ਤੋਂ ਪੜਿਆ ਜਿਵੇਂ ਰੂਹ ਨੇ  ਫਿਰ ਤੋਂ ਉੁਹੀਉ  ਇੱਕੀ ਸਾਲ ਪਹਿਲਾਂ  ਵਾਲੀ ਤਾਜ਼ਗੀ ਮਹਿਸੂਸ ਕੀਤੀ।
ਗਲ੍ਹ ਲਗਭਗ ਤਿੰਨ ਦਹਾਕੇ ਪਹਿਲਾਂ ਦੀ ਹੈ ਜਦ ਮੈਂ ਹਾਲਿ ਨੌਵੀਂ- ਦਸਵੀਂ ਦਾ ਵਿਦਿਆਰਥੀ ਸਾਂ। ਸਾਡੇ ਸਾਹਮਣੇ ਕਿਰਾਏ ਤੇ' ਰਹਿੰਦੇ ਇਕ  ਮਾਸਟਰ ਜੀ,ਜਿਹਨਾਂ੍ਹ ਦੇ ਪਾਸ ਇੱਕ ਰੋਜ਼ਾਨਾ ਅਖਬਾਰ ਆਇਆ ਕਰਦਾ ਸੀ ,ਮੇਰਾ ਅਕਸਰ ਮਾਸਟਰ ਜੀ ਪਾਸ ਜਾਣਾ ਆਣਾ ਰੰਿਹੰਦਾ ਸੀ ,ਉਹਨ੍ਹਾਂ ਪਾਸੋਂ ਕਦ ਮੈਨੂੰ ਅਖਬਾਰ  ਪੜਨ ਦੀ ਚੇਟਕ ਲਗ ਗਈ ਇਸ ਦਾ ਪਤਾ ਹੀ ਨਾ ਲਗਾ , ਕੁਝ ਅਰਸੇ ਬਾਅਦ ਉਹ ਘਰ ਛੱਡ ਕੇ ਕਿਸੇ ਹੋਰ ਪਾਸੇ ਸ਼ਿਫਟ ਹੋਗਏ ।
ਇਸ ਉਪਰੰਤ ਮੈਂ ਸ਼ਹਿਰ ਦੇ ਪ੍ਰਸਿੱਧ  ਤੇਲੀਆਂ ਵਾਲੇ ਬਾਜ਼ਾਰ ਨੇੜੇ ਇਕ ਅਖਬਾਰ ਦੀ ਲਾਇਬ੍ਰੇਰੀ ਵਿਖੇ ਜਾਣਾ ਸ਼ੁਰੂ ਕਰ ਦਿੱਤਾ।ਕਿਉਂਕਿ ਘਰ ਦੀ ਆਰਥਿਕ ਸਥਿਤੀ ਠੀਕ–ਠਾਕ ਹੋਣ ਕਾਰਨ , ਅਖਬਾਰ ਲਗਵਾਉਣਾ ਮੇਰੇ ਲਈ ਸੰਭਵ ਨਹੀਂ ਸੀ।ਪਰ ਅਪਣੀ ਜੇਬ ਖਰਚੀ ਚੋਂ ਪੈਸੇ ਬਚਾ ਕੇ , ਮਲੇਰਕੋਟਲਾ ਦੇ ਬਸ ਸਟੈਂਡ ਤੋਂ ਸਪੈਸ਼ਲ ਹਰ ਐਤਵਾਰ ਦਾ ਅਖਬਾਰ ਖਰੀਦਣ ਲਈ  ਜਾਇਆ ਕਰਦਾ ਸਾਂ,ਕਿਉਂਕਿ  ਉਹਨੀਂ ਦਿਨੀਂ ਐਤਵਾਰ ਮੈਗਜ਼ੀਨ ਚ' ਅਕਸਰ ਨਰਿੰਦਰ ਸਿੰਘ ਕਪੂਰ ਹੁਰਾਂ  ਦਾ ਲੇਖ ਛਪਿਆ ਕਰਦਾ ਸੀ। 
ਕਪੂਰ ਸਾਹਿਬ ਦੀਆਂ ਰਚਨਾਵਾਂ ਪੜ੍ਹਨ ਦਾ ਮੈਨੂੰ ਦਾ ਬਹੁਤ  ਸ਼ੌਕ ਸੀ। ਜੇ ਕਰ ਕਿਹਾ ਜਾਵੇ ਕਿ  ਮੈਂ ਕਪੂਰ ਸਾਹਿਬ ਦੀਆਂ ਰਚਨਾਵਾਂ ਦਾ ਖਤਰਨਾਕ ਹੱਦ ਤੱਕ ਕਾਇਲ ਸੀ, ਤਾਂ ਇਸ ਚ' ਕੋਈ ਝੂਠ ਜਾਂ ਅਤਿਕਥਨੀ ਨਹੀਂ ਹੋਵੇਗੀ , ਮੇਰੇ ਲਈ ਕਪੂਰ ਸਾਹਿਬ ਇਕ ਅਜਿਹਾ ਲੇਖਕ ਸੀ ਜਿਸ ਨੂੰ ਪੜਦੇ ਸਮੇਂ, ਮੈਨੂੰ ਅਪਣੇ ਜ਼ਹਿਨ  ਦੇ ਕਿਵਾੜ  ਖੁਲ੍ਹਦੇ ਮਹਿਸੂਸ ਹੁੰਦੇ  ,ਉਹਨ੍ਹਾਂ ਦੀਆਂ ਲਿਖਤਾਂ ਚੋਂ ਮੈਨੂੰ ਅਕਸਰ ਇਕ ਪ੍ਰਕਾਰ ਦੀ ਪ੍ਰੇਰਨਾ ਮਿਲਦੀ  ਅਤੇ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਮੈਂ ਜੀਵਨ ਰੂਪੀ  ਤਜਰਬਿਆਂ ਦੇ ਦਰਿਆ ਵਿਚ ਗੋਤੇ ਮਾਰ ਰਿਹਾ ਹੋਵਾਂ ,ਜਿਵੇਂ ਹਰ ਗੋਤੇ ਪਿਛੋਂ ਮੈਨੂੰ  ਜ਼ਿੰਦਗੀ ਦੀ ਫਿਲੌਸਫੀ  ਕੁੱਝ-ਕੁਝ ਸਮਝ ਆ ਰਹੀ ਹੋਵੇ,ਦਸਵੀਂ  ਉਪੰਰੰਤ  ਸਰਕਾਰੀ ਕਾਲਜ ਵਿਖੇ ਦਾਖਲਾ ਲਿਆ, ਤੇ 'ਅਪਣੀ ਪੜਾਈ  ਜਾਰੀ ਰੱਖੀ ਤੇ' ਕਪੂਰ ਨੂੰ ਪੜਨਾ ਵੀ।ਇਸ ਤੋਂ ਇਲਾਵਾ ਉਰਦੂ ਦੇ ਪ੍ਰਸਿਧ ਨਾਵਲ-ਨਿਗਾਰ ਨਸੀਮ ਹਜਾਜ਼ੀ ਅਤੇ  ਕੁਰਅਤੁਲ ਐਨ ਹੈਦਰ ਦਾ ਨਾਵਲ 'ਆਗ ਕਾ ਦਰਿਆ' ਆਦਿ ਆਦਿ ਵਿਚ ਹੀ ਪੜ੍ਹ ਲਿਆ ਇਸ ਤੋਂ ਇਲਾਵਾ  ਨਾਨਕ ਸਿੰਘ,ਜਸਵੰਤ ਸਿੰਘ ਕੰਵਲ ਨੂੰ ਵੀ ਚਾਅ ਨਾਲ ਪੜਿਆ  ਕਰਦਾ ਸਾਂ। ਗੁਰਦਿਆਲ ਸਿੰਘ ਦੇ ਨਾਵਲ ਪਰਸਾ ਨੇ ਜਿਵੇਂ ਇਕ ਅਲਗ ਹੀ ਤਰ੍ਹਾਂ ਦੇ ਜੋਸ਼ ਜਜ਼ਬੇ ਨੂੰ ਜਨਮ ਦਿੱਤਾ । 
ਬੀ.ਏ.ਵਿਚ  ਹੋਇਆ ਤਾਂ  ਪਤਾ ਲਗਾ ਕਿ ਜਿਸ ਨਰਿੰਦਰ ਸਿੰਘ ਕਪੂਰ ਦਾ ਮੈਂ ਫੈਨ ਹਾਂ ਉਹ ਸਾਡੀ ਹੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੈ ਹੈਡ ਹਨ।ਮੈਨੂ ਇਹ ਜਾਣ ਕੇ ਡਾਢੀ ਖੁਸ਼ੀ ਹੋਈ । ਨਾਲ ਹੀ ਇਕ ਨਵੀਂ  ਇਛੱਾ ਜਾਗੀ ,ਕਿ  ਕਪੂਰ ਸਾਹਿਬ ਨੂੰ ਜਾ ਕੇ ਮਿਲਾਂ ਅਤੇ ਉਹਨ੍ਹਾਂ ਨੂੰ ਦਸਾਂ ਕਿ ਮੈਂ ਉਹਨ੍ਹਾਂ ਦਾ ਕਿਨ੍ਹਾਂ ਵੱਡਾ ਫੈਨ ਹਾਂ । ਪਰ ਫਿਰ ਸੋਚਿਆ ਕਿ ਇਨੇ ਵੱਡੇ ਆਦਮੀ ਨੂੰ ਕਿਵੇਂ ਅਤੇ ਕੀ ਕਹਿ ਕੇ ਮਿਲਾਂਗਾ ।
ਇਸੇ ਉਧੇੜ-ਬੁਣ ਵਿਚ ਦਿਨ ਹਫਤਿਆਂ , ਹਫਤੇ, ਮਹੀਨਿਆਂ ਦਾ ਸਫਰ ਤੈਅ ਕਰਦੇ ਹੋਏ ਸਾਲਾਂ ਵਿਚੱ ਤਬਦੀਲ ਹੁੰਦੇ ਰਹੇ ਅਰਥਾਤ ਸਮਾਂ ਅਪਣੀ ਰਫਤਾਰ ਚਲਦਾ ਰਿਹਾ।ਫਿਰ ਇਤਫਾਕਨ ਮੈਨੂੰ ਇਕ ਦਿਨ ਯੂਨੀਵਰਸਿਟੀ ਜਾਣ ਦਾ ਸੁਭਾਗੇ ਪ੍ਰਾਪਤ ਹੋਇਆ , ਘਰੋਂ ਮੱਥ ਕੇ ਚਲਿਆ ਕਿ ਅੱਜ ਕਪੂਰ ਸਾਹਿਬ ਨੂੰ ਮਿਲ ਕੇ ਹੀ ਆਵਾਂਗਾ,ਯੂਨੀਵਰਸਿਟੀ ਜਾ ਕੇ ਮੈਂ ਕਪੂਰ ਸਾਹਿਬ ਦੇ ਬਾਰੇ ਪੁੱਛਦੇ ਪੁੱਛਾਂਦੇ ਉਹਨ੍ਹਾਂ ਦਾ ਵਿਭਾਗ ਲਭਿਆ,ਇਸ ਤੋਂ ਪਹਿਲਾਂ ਕਿ ਮੈਂ ਉਹਨ੍ਹਾਂ ਦੇ ਦਫਤਰ ਚ' ਦਾਖਲ ਹੁੰਦਾ , ਮੇਰਾ ਦਿਲ ਇਕ ਅਕਿਹ ਖੁਸ਼ੀ ਦੇ ਸਮੁੰਦਰ ਚ' ਗ਼ੋਤੇ ਖਾਣ  ਲਗਿਆ ਅਤੇ ਨਾਲੇ  ਧੜਕਣਾਂ ਨੇ ਤੇਜ਼ ਰਡਤਾਰ ਫੜ ਲਈ, ਮਨ'ਇੱਕ ਵਖੱਰੀ ਕਿਸਮ ਦੀ ਖੁਸ਼ੀ ਅਤੇ ਉਤਸ਼ਾਹ ਨਾਲ ਜਿਵੇਂ ਝੂਮਣ ਲੱਗਾ  , ਖੁਸ਼ੀ ਦੀਆਂ ਲਹਿਰਾਂ ਦੇ ਵਿਚਕਾਰ ਘਿਰਿਆ  ਹੋਇਆ  ਜਦ, ਮੈਂ ਕਪੂਰ ਸਾਹਿਬ ਦੇ ਦਡਤਰ ਨੇੜੇ ਪਹੁੰਚਿਆ ਤਾਂ,ਉਹਨਾਂ ਦੇ  ਕੈਬਨ ਚ'ਜਾਣ ਤੋਂ ਪਹਿਲਾਂ ਉਹਨ੍ਹਾਂ ਦੇ ਇਕ ਬਾਬੂ ਨੂੰ ਕਪੂਰ ਸਾਹਿਬ ਬਾਰੇ ਪੁਛਿਆ ,ਤਾਂ ਉਸਨੇ ਕਿਹਾ ਕਿ ਕਪੂਰ ਸਾਹਿਬ ਤਾਂ ਯੂਨੀਵਰਸਿਟੀ ਚ' ਸੈਨਟ ਦੀ  ਮੀਟਿੰਗ ਵਿਚ ਹਿਸਾ ਲੈਣ ਗਏ ਹੋਏ ਨੇ,ਨਾਲ ਹੀ ਉਹਨ੍ਹਾਂ ਇਹ ਵੀ ਕਿਹਾ ਕਿ ਜੇਕਰ “ਤੁਸੀਂ“ ਜ਼ਰੂਰੀ ਮਿਲਣਾ ਚਾਹੁੰਦੇ ਹੋ ਤਾਂ ਸੈਨਟ ਹਾਲ ਚ ਜਾ ਕੇ ਮਿਲ ਸਕਦੇ ਹੋ।
ਕੁੱਝ ਸਮੇਂ ਲਈ ਮੈਂ ਜਿਵੇਂ ਸੁਨ੍ਹ ਹੋਗਿਆ..! ਅੰਦਰੋ –ਅੰਦਰੀ ਸੋਚਿਆ ਕਿ ਮੈਂ ਕਪੂਰ ਸਾਹਿਬ ਨੂੰ ਕੀ ਕਹਿ ਕਿ ਮਿਲਾਂਗਾ ,ਕੀ ਪਤਾ ਉਹ ਕਿਨ੍ਹੀ ਜ਼ਰੂਰੀ ਮੀਟਿੰਗ ਚ'ਬਿਜ਼ੀ ਹੋਣ।ਮੈਂ ਫੈਸਲਾ ਕੀਤਾ ਕਿ ਅੱਜ ਉਹਨ੍ਹਾਂ ਨੂੰ ਨਾ ਮਿਲਾਂ ,ਦੂਸਰੇ ਹੀ ਪਲ ਮੈਂ ਉਹਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ਇਕ ਛੋਟੀ ਜਿਹੀ ਪੈਡ ਮੇਰੇ ਸਾਹਮਣੇ ਕਰ ਦਿੱਤੀ ,ਮੈਂ ਉਸ ਚੋਂ ਇਕ ਕਾਗ਼ਜ਼  ਕਢਿਆ ਤੇ ਉਸ ਉੱਪਰ ਉਰਦੂ  ਵਿਚ ਇਕ ਸ਼ੇਅਰ ਲਿਖਿਆ ਅਤੇ ਹੇਠਾਂ ਅਪਣਾ ਪਤਾ ਲਿਖਿਆ ਤੇ ਉਹ ਪਰਚਾ ਮੈਂ ਸ ਬਾਬੂ ਨੂੰ ਸੌਂਪ ਕੇ ਕਿਹਾ ਕਿ ਇਹ ਕਪੂਰ ਸਾਹਿਬ ਨੂੰ ਦੇ ਦੇਣਾ।
ਇਸ ਤੋਂ ਬਾਅਦ ਠੀਕ ਇਕ ਹਫਤੇ ਬਾਅਦ ਮੈਨੂੰ ਨਰਿੰਦਰ ਸਿੰਘ ਕਪੂਰ ਹੁਰਾਂ ਦਾ,ਉਹਨ੍ਹਾਂ ਦੀ ਅਪਣੀ ਜ਼ਾਤੀ ਲੈਟਰ ਪੈਡ ਤੇ ਅਪਣੇ ਦਸਤ-ਏ-ਮੁਬਾਰਕ ਨਾਲ  ਲਿਖਿਆ ਪੱਤਰ ਮਿਲਿਆ ,ਮੈਂ ਉਸਨੂੰ ਪੜਿਆ ,ਮੇਰੀ ਖੁਸ਼ੀ ਦੀ ਕੋਈ ਇੰਤਿਹਾ ਨਾ ਰਹੀ..! ਉਸ ਪਤੱਰ ਦਾ ਇਕ- ਇਕ ਸ਼ਬਦ ਅੱਜ ਵੀ ਮੇਰੇ ਲਈ ਕਿਸੇ ਬੇਸ਼-ਕੀਮਤੀ  ਹੀਰੇ ਮੋਤੀ ਤੋਂ ਘਟ ਨਹੀਂ ,ਉਹਨ੍ਹਾਂ ਮੈਨੂੰ ਸੰਬੋਧਨ ਕਰਦਿਆਂ ਲਿਖਿਆ : 

PunjabKesari
“ਪਿਆਰੇ ਮੁਹੰਮਦ ਅਬਾਸ ਜੀ,
ਅੱਜ ਜਦੋਂ ਇਕ ਮੀਟਿੰਗ ਤੋਂ ਵਾਪਸ ਆਇਆ ਤਾਂ ਅਗੇ ਮੇਜ਼ ਤੇ ਤੁਹਾਡੇ ਸੋਹਣੇ ਹੱੱਥਾਂ ਦਾ ਲਿਖਿਆ ਉਰਦੂ ਵਿਚ ਇਕ ਸ਼ੇਅਰ ਪਿਆ ਸੀ ,ਮੈਂ ਛਪੀ ਹੋਈ ਉਰਦੂ ਪੜ੍ਹ ਲੈਂਦਾ ਹਾਂ,ਲਿਖੀ ਹੋਈ ਨਹੀਂ ,ਕਿਸੇ ਤੋਂ ਪੜਵਾਇਆ ਤੁਹਾਡੇ ਸੋਹਣੇ ਦਿਲ ਦੇ ਦੀਦਾਰ ਹੋਏ,ਬਹੁਤ-ਬਹੁਤ ਸ਼ਕਰੀਆ।
ਪਤਾ ਨਹੀਂ ਤੁਸੀਂ ਕਿਸ ਕੰਮ ਆਏ ਸੀ।
ਮੇਰੀ ਬਦ-ਕਿਸਮਤੀ ਕਿ ਤੁਹਾਡੇ ਨਾਲ ਮੇਲ ਨਹੀਂ ਹੋਇਆ ।ਹੁਣ ਮੈਂ ਤੁਹਾਡਾ ਲਿਖਿਆ ਵੀ ਪੜ ਲੈਂਦਾ ਹਾਂ।ਤੁਹਾਡੀ ਲਿਖਾਈ ਬੜੀ ਸਾਫ ਅਤੇ ਸੋਹਣੀ ਹੈ,ਹੱਥ ਵੀ ਸੋਹਣੇ ਹੋਣਗੇ ,ਸੋਹਣੇ ਹੱਥ ਸੋਹਣੇ ਦਿਲ ਦੀ ਗਵਾਹੀ ਹੁੰਦੇ ਹਨ।
ਹੁਣ ਕਦੇ ਵੀ ਆਉ ਤਾਂ ਜ਼ਰੂਰ ਮਿਲਣਾ।ਕੋਈ ਕੰਮ ਹੋਵੇ ਤਾਂ ਜ਼ਰੂਰ ਲਿਖਣਾ ,ਭਾਵੇਂ ਉਰਦੂ ਵਿੱਚ ਹੀ ਲਿਖਣਾ।
ਮੈਂ ਤਹਾਨੂੰ ਪਿਆਰ ਕਰਨਾ ਚਾਹੁੰਦਾ ਹਾਂ,ਤੁਹਾਡੇ ਤੋਂ ਬਹੁਤ ਕੁੱਝ ਸਿੱਖਣਾ ਚਾਹੁੰਦਾ ਹਾਂ।
ਸ਼ੁਭ ਇੱਛਾਵਾਂ ਨਾਲ ,ਆਪ ਜੀ ਦਾ ,ਨਰਿੰਦਰ ਸਿੰਘ ਕਪੂਰ“
ਭੇ-ਸ਼ੱਕ ਆਪ ਅੱਜ ਮੈਂ ਉਰਦੂ ,ਹਿੰਦੀ ਅਤੇ ਪੰਜਾਬੀ ਦੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਖਬਾਰਾਂ ਅਤੇ ਜਰਨਲਜ਼ ਚ'ਛਪਦਾ ਹਾਂ ਅਤੇ ਇਹਨ੍ਹਾਂ ਨੂੰ ਪੜਨ ਉਪਰੰਤ ਪਾਠਕਾਂ ਦੇ ਢੇਰਾਂ ਫੋਨ ਆਉਂਦੇ ਹਨ ,ਜਿਹਨ੍ਹਾਂ ਚ' ਪਾਠਕ ਅੰਤਾ ਦਾ ਪਿਆਰ, ਦੁਆਵਾਂ ਅਤੇ ਹੋਰ ਲਿਖਦੇ ਰਹਿਣ ਦੀ ਪ੍ਰੇਰਨਾ ਦਿੰਦੇ ਰਹਿੰਦੇ ਹਨ,ਕਈ ਪਾਠਕ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਤ ਭਾਵੁਕ ਕਰ ਦਿੰਦੇ ਨੇ।ਕਈ ਵਾਰੀ ਤਾਂ ਮੈਨੂੰ ਅਪਣੇ ਪਾਠਕ ਹੋਣ ਦਾ ਉਹੋ ਪੁਰਾਣਾ ਸਮਾਂ ਚੇਤੇ ਆ ਜਾਂਦਾ ਹੈ।ਜਿਹੜਾ ਮੇਰੀ ਜ਼ਿੰਦਗੀ ਦਾ ਮੈਂ ਸਲਮਝਦਾ ਹਾਂ ਅਨਮੋਲ ਸਮਾਂ ਸੀ, ਇਹੋ ਕਾਰਨ ਹੈ ਕਿ ਉਪਰੋਕਤ ਪੱਤਰ ਅੱਜ ਵੀ ਜਦ ਮੇਰੀਆਂ ਅੱਖਾਂ ਅੱਗੋਂ ਦੀ ਗੁਜ਼ਰਦਾ ਹੈ ਤਾਂ ਇੱਕ ਵਾਰ ਫਿਰ ਮੈਨੂੰ  ਬੀਤੇ ਸਮੇਂ ਦੀਆਂ ਸੁਨਹਿਰੀ ਯਾਦਾਂ ਵਿਚ ਲੈ ਜਾਂਦਾ,ਜਿਹਨ੍ਹਾਂ ਚੋਂ ਨਿਕਲਣ ਨੂੰ ਕਦੀ ਦਿਲ ਨਹੀਂ ਕਰਦਾ..!
ਮੁਹੰਮਦ ਅੱਬਾਸ ਧਾਲੀਵਾਲ
09855259650
ਮਲੇਰਕੋਟਲਾ।


Related News