ਸਿਵਲ ਹਸਪਤਾਲ ''ਚ ਨਾਬਾਲਗ ਨੂੰ ਜੇਬ ਤਰਾਸ਼ਦਿਆਂ ਲੇਬਰ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਫੜਿਆ

03/23/2018 4:33:17 PM

ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਵਿਚ ਆਏ ਦਿਨ ਪਰਚੀਆਂ ਬਣਾਉਣ ਵਾਲੇ ਕਾਊਂਟਰ 'ਤੇ ਜੇਬ ਤਰਾਸ਼ਾਂ ਦੀ ਚਾਂਦੀ ਰਹਿੰਦੀ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਿਸ 'ਚ ਪਰਚੀ ਬਣਾਉਣ ਵਾਲੇ ਕਾਊਂਟਰ 'ਤੇ ਕੋਈ ਵਿਅਕਤੀ ਜੇਬ ਤਰਾਸ਼ੀ ਦਾ ਸ਼ਿਕਾਰ ਨਾ ਬਣਿਆ ਹੋਵੇ। ਵੀਰਵਾਰ ਦੁਪਹਿਰ ਵੇਲੇ ਅਜਿਹੇ ਹੀ 15 ਸਾਲਾ ਨੌਜਵਾਨ ਨੂੰ ਲੇਬਰ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਕਾਬੂ ਕੀਤਾ ਤਾਂ ਹੰਗਾਮਾ ਹੋ ਗਿਆ। ਜੇਬ ਤਰਾਸ਼ ਨੂੰ ਹਸਪਤਾਲ ਵਿਚ ਤਾਇਨਾਤ ਪੁਲਸ ਦੇ ਹਵਾਲੇ ਕੀਤਾ ਗਿਆ, ਜਿਸ ਨੇ ਮੁਲਜ਼ਮ ਨੂੰ ਥਾਣਾ ਨੰਬਰ 4 ਦੀ ਪੁਲਸ ਨੂੰ ਸੌਂਪ ਦਿੱਤਾ।
ਜਾਣਕਾਰੀ ਦਿੰਦਿਆਂ ਲੇਬਰ ਵਿਭਾਗ ਦੇ ਡਿਪਟੀ ਡਾਇਰੈਕਟਰ ਜਗਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਰਕਾਰੀ ਟੀਚਰ ਹੈ, ਜਿਸ ਦੇ ਪੈਰ ਦੀ ਹੱਡੀ ਟੁੱਟਣ ਕਾਰਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰੀ ਮੈਡੀਕਲ ਦੀ ਮੰਗ ਕੀਤੀ। ਉਹ ਆਪਣੀ ਪਤਨੀ ਦਾ ਚੈੱਕਅਪ ਕਰਵਾਉਣ ਲਈ ਪਰਚੀ ਬਣਾਉਣ ਵਾਲੇ ਕਾਊਂਟਰ 'ਤੇ ਲਾਈਨ ਵਿਚ ਖੜ੍ਹਾ ਸੀ। ਜਿਵੇਂ ਹੀ 10 ਰੁਪਏ ਕੱਢ ਕੇ ਕਾਊਂਟਰ 'ਤੇ ਦੇਣ ਲੱਗਾ ਤਾਂ ਇਸ ਦੌਰਾਨ ਕੋਲ ਖੜ੍ਹੇ ਨਾਬਾਲਗ ਲੜਕੇ ਨੇ ਉਸਦੀ ਜੇਬ ਵਿਚ ਹੱਥ ਪਾ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਫੜ ਲਿਆ। 
ਪੁਲਸ ਨੇ ਮਾਂ ਅਤੇ ਭਰਾ ਦੇ ਹਵਾਲੇ ਕੀਤਾ
ਥਾਣਾ ਨੰਬਰ 4 'ਚ ਤਾਇਨਾਤ ਏ. ਐੱਸ. ਆਈ. ਬਸੰਤ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨੇ ਮੁਲਜ਼ਮ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਅਤੇ ਜਾਂਚ 'ਚ ਪਤਾ ਲੱਗਾ ਹੈ ਕਿ ਨਾਬਾਲਗ ਚਰਸ ਪੀਣ ਦਾ ਆਦੀ ਹੈ ਅਤੇ ਉਸ ਨੂੰ ਉਸ ਦੀ ਮਾਂ ਅਤੇ ਭਰਾ ਦੀ ਇਸ ਸ਼ਰਤ 'ਤੇ ਰਿਹਾਅ ਕੀਤਾ ਗਿਆ ਕਿ ਉਹ ਜਲਦੀ ਹੀ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਕਰਵਾ ਕੇ ਉਸ ਦੀ ਜ਼ਿੰਦਗੀ 'ਚ ਸੁਧਾਰ ਲਿਆਉਣਗੇ। 
ਪਰਚੀ ਬਣਾਉਣ ਲਈ ਲਾਈਨ 'ਚ ਖੜ੍ਹਾ ਸੀ ਮੁਲਜ਼ਮ
ਮੁਲਜ਼ਮ ਦਾ ਕਹਿਣਾ ਸੀ ਕਿ ਉਹ ਬਸਤੀ ਦਾਨਿਸ਼ਮੰਦਾਂ ਦਾ ਰਹਿਣ ਵਾਲਾ ਹੈ ਅਤੇ ਇਲਾਕੇ ਦੇ ਨੌਜਵਾਨਾਂ ਨੇ ਉਸ ਨੂੰ ਚਰਸ ਭਰੀ ਸਿਗਰੇਟ ਪਿਲਾ ਕੇ ਨਸ਼ੇ ਦੀ ਦਲਦਲ 'ਚ ਧੱਕ ਦਿੱਤਾ। ਵੀਰਵਾਰ ਉਹ ਸਿਵਲ ਹਸਪਤਾਲ 'ਚ ਪਰਚੀ ਬਣਾਉਣ ਲਈ ਲਾਈਨ 'ਚ ਖੜ੍ਹਾ ਸੀ ਤਾਂ ਜੋ ਉਹ ਨਸ਼ਾ ਛੁਡਾਉਣ ਲਈ ਡਾਕਟਰ ਨਾਲ ਸੰਪਰਕ ਕਰ ਸਕੇ। 
ਸਿਵਲ ਹਸਪਤਾਲ ਆਉਣਾ ਹੈ ਤਾਂ ਰਹੋ ਸਾਵਧਾਨ
ਸਿਵਲ ਹਸਪਤਾਲ ਦੇ ਪਰਚੀਆਂ ਵਾਲੇ ਕਾਊਂਟਰ ਤੇ ਐਕਸਰੇ ਵਿਭਾਗ 'ਚ ਜੇਬ ਤਰਾਸ਼ ਬੱਚਿਆਂ ਤੋਂ ਲੈ ਕੇ ਔਰਤਾਂ ਵੀ ਗਿਰੋਹ ਬਣਾ ਕੇ ਘੁੰਮਦੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਹਸਪਤਾਲ 'ਚ ਤਾਇਨਾਤ ਏ. ਐੱਸ. ਆਈ. ਝਿਲਮਿਲ ਸਿੰਘ ਨੇ ਨਾਬਾਲਗ ਗਿਰੋਹ ਫੜਿਆ ਸੀ। ਸਾਰੇ ਬੱਚੇ ਨਸ਼ੇ ਦੀ ਹਾਲਤ ਵਿਚ ਜੇਬ ਤਰਾਸ਼ੀ ਕਰਦੇ ਸਨ। ਕੁਝ ਔਰਤਾਂ ਨੂੰ ਵੀ ਐਕਸਰੇ ਵਿਭਾਗ ਤੋਂ ਮਹਿਲਾ ਪੁਲਸ ਨੇ ਕਾਬੂ ਕੀਤਾ ਸੀ ਜੋ ਔਰਤਾਂ ਦੇ ਹੱਥ ਵਿਚ ਫੜੇ ਲਿਫਾਫਿਆਂ ਨੂੰ ਬਲੇਡ ਨਾਲ ਕੱਟ ਕੇ ਪਰਸ ਕੱਢਦੀਆਂ ਸਨ। ਇਸ ਦੌਰਾਨ ਥਾਣਾ 4 'ਚ ਤਾਇਨਾਤ ਇੰਸ. ਪਰਮਜੀਤ ਸਿੰਘ ਨੇ ਸਾਦੇ ਕੱਪੜਿਆਂ ਵਿਚ ਪੁਲਸ ਨੂੰ ਤਾਇਨਾਤ ਕੀਤਾ ਸੀ ਤਾਂ ਜੋ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਜਾ ਸਕੇ। ਸਿਵਲ ਹਸਪਤਾਲ ਆਉਣ ਦੌਰਾਨ ਲੋਕਾਂ ਨੂੰ ਚਾਹੀਦਾ ਹੈ ਕਿ ਸੁਚੇਤ ਹੋ ਕੇ ਰਹਿਣ, ਕੋਈ ਸ਼ੱਕੀ ਦਿਸੇ ਤਾਂ ਤੁਰੰਤ ਉਥੇ ਤਾਇਨਾਤ ਪੁਲਸ ਵਾਲਿਆਂ ਨੂੰ ਸੂਚਨਾ ਦੇਣ।


Related News