ਪੀਏਯੂ ਵਿਖੇ 23 ਮਾਰਚ ਨੂੰ ਕਿਸਾਨ ਮੇਲੇ ਮੌਕੇ ਚਾਰ ਅਗਾਂਹਵਧੂ

03/23/2018 4:26:28 PM

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 23 ਮਾਰਚ ਨੂੰ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਖੇਤੀਬਾੜੀ, ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਵਿਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਨਾਂ ਅਗਾਂਹਵਧੂ ਕਿਸਾਨਾਂ ਵਿਚੋਂ ਸ. ਹਰਦੀਪ ਸਿੰਘ ਸੁਪੁੱਤਰ ਸ. ਅਮਰੀਕ ਸਿੰਘ, ਪਿੰਡ ਘੱਗਾ, ਜ਼ਿਲਾ ਪਟਿਆਲਾ ਦੀ ਚੋਣ ਬਾਗਬਾਨੀ ਦੇ ਖੇਤਰ ਵਿਚ ਮੁੱਖ ਮੰਤਰੀ ਪੁਰਸਕਾਰ ਲਈ ਹੋਈ ਹੈ। ਸ. ਹਰਦੀਪ ਸਿੰਘ ਰਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਆਪਣੀ 12 ਏਕੜ ਜ਼ਮੀਨ ਵਿਚ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਕਰਕੇ ਬਾਗਬਾਨੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੌਲੀ ਹਾਊਸ ਦੀ ਵੋਕੇਸ਼ਨਲ ਟ੍ਰੇਨਿੰਗ ਪੀਏਯੂ ਤੋਂ ਹਾਸਲ ਕਰਨ ਉਪਰੰਤ ਉਸਨੇ ਸਬਜ਼ੀਆਂ ਦੀ ਕਾਸ਼ਤ ਲਈ 3 ਏਕੜ ਜ਼ਮੀਨ ਵਿਚ ਪੌਲੀ ਹਾਊਸ ਬਣਾਇਆ ਹੋਇਆ ਹੈ ਅਤੇ ਕੱਦੂ, ਕਰੇਲੇ ਅਤੇ ਤੋਰੀ ਦੀ ਖੇਤੀ ਜਾਲ ਬਣਾ ਕੇ ਕਰਦਾ ਹੈ। ਮਲਚਿੰਗ, ਲੋਅ ਟਨਲ, ਤੁਪਕਾ ਸਿੰਚਾਈ ਅਤੇ ਜੀਵਾਣੂੰ ਖਾਦਾਂ ਨਾਲ ਫ਼ਸਲਾਂ ਦੀ ਪੈਦਾਵਾਰ ਵਿਚ ਵਾਧਾ ਕਰਦਾ ਹੋਇਆ ਹਰਦੀਪ ਸਿੰਘ ਮੀਂਹ ਦੇ ਪਾਣੀ ਨੂੰ ਖੇਤਾਂ ਵਿਚ ਡੰਪ ਬਣਾ ਕੇ ਸਟੋਰ ਕਰਦਾ ਹੈ। ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਵਧੇਰੇ ਆਰਥਿਕ ਮੁਨਾਫ਼ਾ ਹਾਸਲ ਕਰਨ ਲਈ ਉਹ ਇਕੱਲੇਚਾਰੇ ਦੀ ਬਜਾਇ ਗਰੁੱਪ ਬਣਾ ਕੇ ਖੇਤੀ ਕਰਦਾ ਹੈ ਅਤੇ ਖਾਦਾਂ ਅਤੇ ਬੀਜ ਦੀ ਖਰੀਦਦਾਰੀ ਅਤੇ ਮੰਡੀਕਰਨ ਵੀ ਸਾਂਝੇ ਤੌਰ ਤੇ ਕਰਦਾ ਹੈ।
ਸ. ਜਗਮੋਹਨ ਸਿੰਘ, ਪਿੰਡ ਜੈ ਸਿੰਘ ਵਾਲਾ, ਜ਼ਿਲਾ ਮੋਗਾ ਦੀ ਚੋਣ ਖੇਤੀ ਵਿਚ ਆਧੁਨਿਕ ਮਸ਼ੀਨੀਕਰਨ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਸੀ ਆਰ ਆਈ ਪੰਪ ਐਵਾਰਡ ਲਈ ਹੋਈ ਹੈ । ਸ. ਜਗਮੋਹਨ ਸਿੰਘ 140 ਕਿੱਲੇ ਵਿਚ ਪਿਛਲੇ 25 ਸਾਲ ਤੋਂ ਖੇਤੀ ਕਰ ਰਿਹਾ ਹੈ। ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਉਸ ਕੋਲ ਹਰ ਆਧੁਨਿਕ ਮਸ਼ੀਨਰੀ ਉਪਲੱਬਧ ਹੈ ਜਿਨਾਂ ਵਿਚੋਂ ਪਰਾਲੀ ਕੁਤਰਨ ਵਾਲੀ ਮਸ਼ੀਨ, ਉਲਟਾਵੇਂ ਹੱਲ, ਹਾਈਡ੍ਰੋਲਿਕ ਤਵੀਆਂ, ਸਵੈ ਚਾਲਕ ਆਲੂ ਪਲਾਂਟਰ, ਬੂਮ ਸਪਰੇਅਰ, ਸਬ-ਸਾਇਲਰ ਅਤੇ ਲੇਜ਼ਰ ਕਰਾਹਾ ਪ੍ਰਮੁੱਖ ਹਨ । ਸ. ਜਗਮੋਹਨ ਸਿੰਘ ਪਰਾਲੀ ਕਦੇ ਨਹੀਂ ਸਾੜਦਾ, ਉਸਦਾ ਮੰਨਣਾ ਹੈ ਕਿ ਇਸ ਨਾਲ ਭੂਮੀ ਦੇ ਕੀਮਤੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ । ਪਾਣੀ ਦੀ ਸੁਚੱਜੀ ਵਰਤੋਂ ਲਈ ਉਹ 15 ਕਿੱਲੇ ਵਿਚ ਤੁਪਕਾ ਪ੍ਰਣਾਲੀ ਨਾਲ ਸਿੰਚਾਈ ਕਰਦਾ ਹੈ ਅਤੇ 20 ਕਿੱਲੇ ਦੇ ਰਕਬੇ ਵਿਚ ਉਸਨੇ ਜ਼ਮੀਨਦੋਜ਼ ਪਾਈਪਾਂ ਵੀ ਦੱਬੀਆਂ ਹੋਈਆਂ ਹਨ । 
ਸ. ਗੁਰਵਿੰਦਰ ਸਿੰਘ ਸੋਹੀ, ਪਿੰਡ ਨਾਨੋਵਾਲ ਖੁਰਦ ਜ਼ਿਲਾ ਫਤਹਿਗੜ•ਸਾਹਿਬ ਦੀ ਚੋਣ ਫ਼ਸਲ ਉਤਪਾਦਨ/ਬਾਗਬਾਨੀ/ਫੁੱਲਾਂ ਦੀ ਖੇਤੀ ਵਾਲੇ ਵਰਗ ਵਿਚ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਲਈ ਹੋਈ ਹੈ। ਗਲੈਡੀਓਲਸ ਫੁੱਲਾਂ ਦੇ ਸਫ਼ਲ ਕਾਸ਼ਤਕਾਰ ਗੁਰਵਿੰਦਰ ਸਿੰਘ ਕੋਲ 9 ਏਕੜ ਆਪਣੀ ਅਤੇ 13 ਏਕੜ ਠੇਕੇ ਤੇ ਲਈ ਜ਼ਮੀਨ ਹੈ ਜਿਸ ਉਤੇ ਉਹ ਇਸ ਵਿਉਂਤਬੰਦੀ ਨਾਲ ਫੁੱਲ ਅਤੇ ਫ਼ਸਲਾਂ ਬੀਜਦਾ ਹੈ ਕਿ ਇਨਾਂ ਤੋਂ ਉਸਨੂੰ ਸਾਰਾ ਸਾਲ ਆਮਦਨ ਹਾਸਲ ਹੋ ਸਕੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹੇ। ਗੁਰਵਿੰਦਰ ਸਿੰਘ ਗਲੈਡੀਉਲਸ ਨੂੰ ਬੈਡ ਅਤੇ ਵੱਟਾਂ ਬਣਾ ਕੇ ਲਗਾਉਂਦਾ ਹੈ। ਬਾਸਮਤੀ ਦੀ ਸਿੱਧੀ ਬਿਜਾਈ ਕਰਦਾ ਹੈ ਅਤੇ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਕਰਦਾ ਹੈ ਤਾਂ ਜੋ ਜਲ-ਸੋਮਿਆਂ ਦੀ ਸਾਂਭ-ਸੰਭਾਲ ਹੋ ਸਕੇ। ਖੇਤੀ ਲਾਗਤਾਂ ਘਟਾਉਣ ਅਤੇ ਆਮਦਨ ਵਧਾਉਣ ਲਈ ਉਹ ਸਾਂਝੀ ਖੇਤ ਮਸ਼ੀਨਰੀ ਨੂੰ ਤਰਜ਼ੀਹ ਦਿੰਦਾ ਹੈ ਅਤੇ ਇਲਾਕੇ ਦੇ ਕਿਸਾਨਾਂ ਨੂੰ ਗਰੁੱਪ ਬਣਾ ਕੇ ਖੇਤੀ ਕਰਨ ਲਈ ਪ੍ਰੇਰਦਾ ਹੈ । 
ਸ. ਤਰਸੇਮ ਸਿੰਘ, ਪਿੰਡ ਨੀਲਾ ਨਲੋਆ ਜ਼ਿਲਾ ਹੁਸ਼ਿਆਰਪੁਰ ਦੀ ਚੋਣ ਜੈਵਿਕ ਖੇਤੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਸੀ ਆਰ ਆਈ ਪੰਪ ਐਵਾਰਡ ਲਈ ਹੋਈ ਹੈ। ਸ. ਤਰਸੇਮ ਸਿੰਘ ਕਮਾਦ, ਕਣਕ, ਬਾਸਮਤੀ, ਕਿੰਨੂ, ਛੋਲੇ, ਮਸਰ, ਅਲਸੀ ਅਤੇ ਸਬਜ਼ੀਆਂ ਦਾ ਵਿਗਿਆਨਕ ਢੰਗਾਂ ਨਾਲ ਉਤਪਾਦਨ ਕਰਦਾ ਹੈ। ਜੈਵਿਕ ਖੇਤੀ ਲਈ ਸਿਖਲਾਈ ਪੀਏਯੂ ਤੋਂ ਪ੍ਰਾਪਤ ਕਰਕੇ ਉਹ ਮਿੱਟੀ ਦੀ ਸਿਹਤ ਸੰਭਾਲ ਅਤੇ ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਖੇਤਾਂ ਵਿਚ ਹਰੀ ਖਾਦ ਅਤੇ ਗੰਡੋਇਆ ਦੀ ਖਾਦ ਦੀ ਵਰਤੋਂ ਕਰਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਉਹ ਖੇਤਾਂ ਵਿਚ ਹੀ ਵਾਹੁੰਦਾ ਹੈ ਅਤੇ ਨਦੀਨ ਕਾਬੂ ਕਰਨ ਲਈ ਕੁਦਰਤੀ ਢੰਗਾਂ ਨਾਲ ਫ਼ਸਲਾਂ ਦੀ ਕਾਸ਼ਤ ਅਤੇ ਰਲਵੀਆਂ ਫ਼ਸਲਾਂ ਦੀ ਵਰਤੋਂ ਕਰਦਾ ਹੈ, ਜਿਸ ਨਾਲ ਮਿੱਤਰ ਕੀੜਿਆਂ ਦੀ ਸੰਖਿਆ ਵਧਦੀ ਹੈ । ਉਹ ਆਪਣੇ ਖੇਤਾਂ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਨਹੀਂ ਕਰਦਾ ਅਤੇ ਖੇਤੀ ਉਤਪਾਦਾਂ ਦੀ ਵਿੱਕਰੀ ਆਤਮਾ ਕਿਸਾਨ ਹੱਟ, ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ, ਵੱਖ-ਵੱਖ ਸੋਸ਼ਲ ਮੀਡੀਆ ਅਤੇ ਕਿਸਾਨ ਮੇਲਿਆਂ ਰਾਹੀਂ ਕਰਦਾ ਹੈ ।
ਜਗਦੀਸ਼ ਕੌਰ


Related News