ਭਾਰਤ ਨੇ ਖੇਤਰੀ ਸ਼ਾਂਤੀ ਨੂੰ ਖਤਰੇ ''ਚ ਪਾਇਆ : ਪਾਕਿ

03/23/2018 4:22:41 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਭਾਰਤ 'ਤੇ ਜੰਗਬੰਦੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ ਖੇਤਰੀ ਸ਼ਾਂਤੀ ਨੂੰ ਖਤਰੇ ਵਿਚ ਪਾ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਵਿਚ ''ਪਾਕਿਸਤਾਨ ਦਿਵਸ'' ਦੇ ਸਿਲਸਿਲੇ ਵਿਚ ਆਯੋਜਿਤ ਸੰਯੁਕਤ ਮਿਲਟਰੀ ਪਰੇਡ ਵਿਚ ਕਸ਼ਮੀਰ ਦਾ ਵੀ ਮੁੱਦਾ ਉਠਾਇਆ। ਪਾਕਿਸਤਾਨ ਦਿਵਸ 23 ਮਾਰਚ, 1940 ਨੂੰ ਮਸ਼ਹੂਰ ਲਾਹੌਰ ਪ੍ਰਸਤਾਵ ਪਾਸ ਕੀਤੇ ਜਾਣ ਦੇ ਸਿਲਸਿਲੇ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਹੀ ਆਲ ਇੰਡੀਆ ਮੁਸਲਿਮ ਲੀਗ ਨੇ ਬ੍ਰਿਟਿਸ਼ ਭਾਰਤ ਦੇ ਮੁਸਲਮਾਨਾਂ ਲਈ ਇਕ ਵੱਖਰੇ ਦੇਸ਼ ਦੀ ਮੰਗ ਕੀਤੀ ਸੀ। ਸਾਲ 1956 ਵਿਚ ਅੱਜ ਦੇ ਦਿਨ ਪਾਕਿਸਤਾਨ ਦੁਨੀਆ ਦਾ ਪਹਿਲਾ ਇਸਲਾਮੀ ਗਣਰਾਜ ਬਣਿਆ ਸੀ। 
ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਮਿਲਟਰੀ ਪਰੇਡ ਵਿਚ ਖਾਸ ਮਹਿਮਾਨ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਪਰੇਡ ਮੈਦਾਨ ਵਿਚ ਉਨ੍ਹਾਂ ਦੀ ਅਗਵਾਈ ਕੀਤੀ। ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ. ਪੀ. ਸਿੰਘ ਵੀ ਪਰੇਡ ਦੇਖਣ ਲਈ ਸੱਦੇ ਗਏ ਵਿਦੇਸ਼ੀ ਡਿਪਲੋਮੈਟਾਂ ਵਿਚਕਾਰ ਬੈਠੇ ਸਨ। ਰਾਸ਼ਟਰਪਤੀ ਮਮਨੂਨ ਨੇ ਸੀਮਾ ਪਾਰ ਤੋਂ ਜੰਗਬੰਦੀ ਦੀ ਕਥਿਤ ਉਲੰਘਣਾ ਵੱਲ ਸੰਕੇਤ ਕਰਦਿਆਂ ਭਾਰਤ 'ਤੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਰੂਪ ਨਾਲ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,''ਇਨ੍ਹਾਂ ਕਾਰਵਾਈਆਂ ਦੇ ਨਾਲ ਪਾਕਿਸਤਾਨ ਦੇ ਗੁਆਂਢੀ ਦੇਸ਼ ਨੇ ਖੇਤਰੀ ਸੁਰੱਖਿਆ ਨੂੰ ਦਾਅ 'ਤੇ ਲਗਾ ਦਿੱਤਾ ਹੈ।'' ਰਾਸ਼ਟਰਪਤੀ ਨੇ ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੇ ਤੁਰੰਤ ਅਤੇ ਸ਼ਾਂਤੀਪੂਰਣ ਹੱਲ ਦੀ ਅਪੀਲ ਕਰਦਿਆਂ ਕਿਹਾ,''ਕਸ਼ਮੀਰ ਵਿਵਾਦ ਦਾ ਇਕੋ-ਇਕ ਹੱਲ ਕਸ਼ਮੀਰੀਆਂ ਨੂੰ ਸਵੈ-ਨਿਰਣੇ ਦਾ ਅਧਿਕਾਰ ਦੇਣ ਨਾਲ ਹੋਵੇਗਾ ਅਤੇ ਪਾਕਿਸਤਾਨ ਇਸ ਸੰਬੰਧ ਵਿਚ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।'' ਉਨ੍ਹਾਂ ਨੇ ਕਿਹਾ,''ਪਾਕਿਸਤਾਨ ਖੇਤਰੀ ਦੇਸ਼ਾਂ ਵੱਲ ਸਹਿਯੋਗ ਦਾ ਹੱਥ ਵਧਾਉਣ ਲਈ ਤਿਆਰ ਹੈ ਪਰ ਇਸ ਨੂੰ ਪਾਕਿਸਤਾਨ ਦੀ ਕਮਜ਼ੋਰੀ ਦੇ ਰੂਪ ਵਿਚ ਦੇਖਣਾ ਇਕ ਖਤਰਨਾਕ ਗਲਤੀ ਸਾਬਤ ਹੋਵੇਗੀ।''


Related News