ਜਾਅਲੀ ਆਧਾਰ ਕਾਰਡ ਬਣਾਉਣ ਦੇ ਸ਼ੱਕ ਵਿਚ ਦੋ ਗ੍ਰਿਫਤਾਰ

03/23/2018 3:45:31 PM


ਮੋਗਾ (ਆਜ਼ਾਦ) - ਮੋਗਾ ਪੁਲਸ ਨੇ ਨਗਰ ਨਿਗਮ 'ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜਾਅਲੀ ਆਧਾਰ ਕਾਰਡ ਬਣਾਉਣ ਦੇ ਸ਼ੱਕ ਕਾਰਨ ਦੋ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ। 
ਇਸ ਸਬੰਧ 'ਚ ਗੱਲਬਾਤ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਨਗਰ ਨਿਗਮ ਮੋਗਾ ਦੇ ਕੁਝ ਕੌਂਸਲਰਾਂ ਵੱਲੋਂ ਟੈਲੀਫੋਨ 'ਤੇ ਸੂਚਨਾ ਮਿਲੀ ਸੀ ਕਿ ਨਗਰ ਨਿਗਮ ਦੇ ਸੇਵਾ ਕੇਂਦਰ 'ਚ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਐੱਨ. ਆਰ. ਆਈ. ਵਿਅਕਤੀਆਂ ਦੇ ਆਧਾਰ ਕਾਰਡ ਬਣਾਏ ਜਾਂਦੇ ਹਨ। ਸੂਚਨਾ ਮਿਲਦੇ ਸਾਰ ਹੀ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਅਤੇ ਹੌਲਦਾਰ ਜਗਮੋਹਨ ਸਿੰਘ ਨੇ ਮੌਕੇ 'ਤ ਪਹੁੰਚੇ ਕੇ ਅਤੇ ਸੇਵਾ ਕੇਂਦਰ 'ਚ ਕੰਮ ਕਰਦੇ ਦੱਸੇ ਜਾਂਦੇ ਦੋਵਾਂ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ।  
ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਇਸ ਸਬੰਧ 'ਚ ਕਿਸੇ ਵੱਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਸ਼ਿਕਾਇਤ ਮਿਲਣ ਤੋਂ ਬਾਅਦ ਹੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨਗੇ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News