ਟਾਟਾ ਸਟੀਲ ਦੀ ਹੋਵੇਗੀ ਭੂਸ਼ਣ ਸਟੀਲ, ਦੂਜੀ ਵਾਰ ਜਿੱਤੀ ਬੋਲੀ

03/23/2018 3:23:19 PM

ਨਵੀਂ ਦਿੱਲੀ— ਟਾਟਾ ਸਟੀਲ ਨੇ ਭਾਰੀ ਕਰਜ਼ੇ 'ਚ ਫਸੀ ਭੂਸ਼ਣ ਸਟੀਲ ਨੂੰ ਖਰੀਦਣ ਦੀ ਬੋਲੀ ਹਾਸਲ ਕਰ ਲਈ ਹੈ। ਦਿਵਾਲੀਆ ਨਿਲਾਮੀ ਜ਼ਰੀਏ ਇਹ ਬੋਲੀ ਲਾਈ ਗਈ ਸੀ। ਇਸ ਦਾ ਮਤਲਬ ਹੈ ਕਿ ਹੁਣ ਭੂਸ਼ਣ ਸਟੀਲ ਨੂੰ ਖਰੀਦਣ ਦਾ ਟਾਟਾ ਸਟੀਲ ਦਾ ਰਸਤਾ ਸਾਫ ਹੋ ਗਿਆ ਹੈ। ਹੁਣ ਇਹ ਡੀਲ ਮਨਜ਼ੂਰੀ ਲਈ ਐੱਨ. ਸੀ. ਐੱਲ. ਟੀ. ਅਤੇ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਕੋਲ ਜਾਵੇਗੀ।

ਭੂਸ਼ਣ ਸਟੀਲ 'ਤੇ ਬੈਂਕਾਂ ਦਾ 44,478 ਕਰੋੜ ਰੁਪਏ ਦਾ ਕਰਜ਼ਾ ਹੈ। ਟਾਟਾ ਸਟੀਲ ਨੇ ਬਿਆਨ 'ਚ ਕਿਹਾ ਕਿ ਉਸ ਨੂੰ 22 ਮਾਰਚ 2018 ਨੂੰ ਭੂਸ਼ਣ ਸਟੀਲ ਲਿਮਟਿਡ ਦਾ ਸਫਲ ਰੋਜੋਲੂਸ਼ਨ ਉਮੀਦਵਾਰ ਐਲਾਨ ਕੀਤਾ ਗਿਆ ਹੈ। ਰੇਜੋਲੂਸ਼ਨ ਪਲਾਨ ਮੁਤਾਬਕ ਟਾਟਾ ਸਟੀਲ ਨੇ ਕਰਜ਼ਦਾਤਾਵਾਂ ਨੂੰ ਕੁੱਲ 36,000 ਕਰੋੜ ਰੁਪਏ ਕੈਸ਼ ਵਾਪਸ ਮੋੜਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਟਾਟਾ ਸਟੀਲ ਨੇ ਭੂਸ਼ਣ ਸਟੀਲ ਦੀ ਬੋਲੀ ਜਿੱਤੀ ਸੀ। ਪਿਛਲੀ ਬੋਲੀ 'ਚ ਟਾਟਾ ਸਟੀਲ ਦੇ ਇਲਾਵਾ ਜੇ. ਐੱਸ. ਡਬਲਿਊ. ਅਤੇ ਭੂਸ਼ਣ ਸਟੀਲ ਦੇ ਕਰਮਚਾਰੀਆਂ ਦੇ ਸਮੂਹ ਨੇ ਹਿੱਸਾ ਲਿਆ ਸੀ। ਬੋਲੀ ਜਮ੍ਹਾ ਕਰਾਉਣ ਦੀ ਅੰਤਿਮ ਤਰੀਕ 3 ਫਰਵਰੀ 2018 ਸੀ।


Related News