ਚੰਡੀਗੜ੍ਹ ਦੇ ਹੋਟਲ 'ਚ ਹੋਇਆ ਸੋਨੀਆ ਗਾਂਧੀ ਦਾ ਚੈਕਅਪ

03/23/2018 3:12:27 PM

ਚੰਡੀਗੜ੍ਹ (ਕੁਲਦੀਪ) : ਹਿਮਾਚਲ ਪ੍ਰਦੇਸ਼ ਦੀ ਨਿਜੀ ਯਾਤਰਾ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਵੀਰਵਾਰ ਦੀ ਰਾਤ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਦੇ ਹੋਟਲ ਲਲਿਤ 'ਚ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਨ੍ਹਾਂ ਦਾ ਚੈੱਕਅਪ ਕੀਤਾ ਅਤੇ ਸ਼ੁੱਕਰਵਾਰ ਸਵੇਰੇ ਉਹ ਚਾਰਟਰਡ ਜਹਾਜ਼ ਰਾਹੀਂ ਦਿੱਲੀ ਰਵਾਨਾ ਹੋ ਗਈ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਬੇਟੀ ਪ੍ਰਿਯੰਗਾ ਵਾਡਰਾ ਵੀ ਸੀ। ਸੋਨੀਆ ਗਾਂਧੀ ਪਿਛਲੇ ਬੁੱਧਵਾਰ ਨੂੰ ਸ਼ਿਮਲਾ ਪੁੱਜੀ ਸੀ ਅਤੇ ਉਨ੍ਹਾਂ ਦਾ ਸ਼ੁੱਕਰਾਰ ਨੂੰ ਦਿੱਲੀ ਵਾਪਸ ਜਾਣ ਦਾ ਪ੍ਰੋਗਰਾਮ ਸੀ ਪਰ ਵੀਰਵਾਰ ਰਾਤ ਸ਼ਿਮਲਾ 'ਚ ਸੋਨੀਆ ਦੀ ਸਿਹਤ ਖਰਾਬ ਹੋ ਗਈ। ਉਨ੍ਹਾਂ ਨੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ 'ਚ ਚੈਕਅਪ ਕਰਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੜਕੀ ਮਾਰਗ ਰਾਹੀਂ ਚੰਡੀਗੜ੍ਹ ਲਿਆਂਦਾ ਗਿਆ। ਸੋਨੀਆਂ ਗਾਂਧੀ ਸ਼ੁੱਕਰਵਾਰ ਸਵੇਰੇ ਕਰੀਬ ਢਾਈ ਵਜੇ ਚੰਡੀਗੜ੍ਹ ਪੁੱਜੀ। ਇਸ ਤੋਂ ਬਾਅਦ ਹੋਟਲ ਲਲਿਤ 'ਚ ਡਾਕਟਰਾਂ ਨੇ ਉਨ੍ਹਾਂ ਦਾ ਚੈਕਅਪ ਕੀਤਾ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਇਲਾਜ ਦੀ ਲੋੜ ਨਹੀਂ ਪਈ। ਹਾਲਾਂਕਿ ਚੰਡੀਗੜ੍ਹ ਸਥਿਤ ਪੀ. ਜੀ. ਆਈ. ਦੇ ਡਾਕਟਰਾਂ ਨੂੰ ਵੀ ਉਨ੍ਹਾਂ ਦੇ ਚੈਕਅਪ ਲਈ ਤਿਆਰ ਕੀਤਾ ਗਿਆ ਸੀ। ਸੋਨੀਆ ਸ਼ੁੱਕਰਵਾਰ ਸਵੇਰੇ ਕਰੀਬ 8.35 'ਤੇ ਚਾਰਟਰਡ ਜਹਾਜ਼ ਰਾਹੀਂ ਦਿੱਲੀ ਰਵਾਨ ਹੋ ਗਈ।


Related News