ਕੈਨੇਡੀਅਨ-ਭਾਰਤੀ ਭਰਾਵਾਂ 'ਤੇ ਲੱਗੇ ਇਹ ਦੋਸ਼, ਹੋ ਸਕਦੀ ਹੈ 25-25 ਸਾਲ ਦੀ ਸਜ਼ਾ

03/23/2018 3:06:04 PM

ਮਾਂਟਰੀਅਲ /ਨਿਊਯਾਰਕ— ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਪਟੇਲ ਭਰਾਵਾਂ ਦੇ ਖਿਲਾਫ ਫੈਡਰਲ ਗ੍ਰੈਂਡ ਜਿਊਰੀ ਨੇ ਬਿਨਾਂ ਲਾਇਸੈਂਸ ਦੇ ਇੰਟਰਨੈੱਟ ਰਾਹੀਂ ਮਨੀ ਸਰਵਿਸ ਕਾਰੋਬਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਕਾਰੋਬਾਰ ਰਾਹੀਂ ਇਨ੍ਹਾਂ ਦੋਹਾਂ ਭਰਾਵਾਂ ਨੇ 25 ਕਰੋੜ ਅਮਰੀਕੀ ਡਾਲਰਾਂ ਤੋਂ ਵਧੇਰੇ ਦੀ ਕਮਾਈ ਕੀਤੀ ਹੈ। ਫਿਰੋਜ਼ ਪਟੇਲ (43) ਅਤੇ ਫਰਹਾਨ ਪਟੇਲ (37) ਕੈਨੇਡਾ ਦੇ ਸੂਬੇ ਕਿਊਬਿਕ ਦੇ ਸ਼ਹਿਰ ਮਾਂਟਰੀਅਲ ਦੇ ਰਹਿਣ ਵਾਲੇ ਹਨ। 
ਦੋਹਾਂ ਪਟੇਲ ਭਰਾਵਾਂ 'ਤੇ ਇਕ ਮਾਮਲਾ ਬਿਨਾਂ ਲਾਇਸੈਂਸ ਦੇ ਮਨੀ ਸਰਵਿਸ ਕਾਰੋਬਾਰ ਕਰਨ ਅਤੇ ਮਨੀ ਲਾਂਡਰਿੰਗ ਐਕਟ ਦਾ ਉਲੰਘਣ ਕਰਨ ਦਾ ਹੈ ਅਤੇ ਦੂਜਾ ਮਾਮਲਾ ਕੋਲੰਬੀਆ ਜ਼ਿਲੇ 'ਚ ਬਿਨਾਂ ਲਾਇਸੈਂਸ ਦੇ ਪੈਸੇ ਟਰਾਂਸਫਰ ਕਰਨ ਦਾ ਹੈ। ਅਮਰੀਕੀ ਅਟਾਰਨੀ ਜੈਸੀਲਿਊ ਨੇ ਦੱਸਿਆ ਕਿ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਦੋਹਾਂ ਭਰਾਵਾਂ ਨੂੰ 25-25 ਸਾਲ ਤੋਂ ਵਧੇਰੇ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਫਰਹਾਨ ਪਟੇਲ ਨੂੰ ਡੈਟ੍ਰੋਅਟ ਤੋਂ 18 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਉਸ ਦਾ ਭਰਾ ਅਜੇ ਫਰਾਰ ਹੈ। 
ਸੋਮਵਾਰ ਨੂੰ ਅਮਰੀਕੀ ਜ਼ਿਲਾ ਅਦਾਲਤ 'ਚ ਹੋਈ ਸੰਖੇਪ ਸੁਣਵਾਈ ਦੌਰਾਨ ਫਰਹਾਨ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਚੁਣੌਤੀ ਦਿੰਦਿਆਂ ਜ਼ਮਾਨਤ ਦੀ ਮੰਗ ਰੱਖੀ ਸੀ। ਫਿਲਹਾਲ ਪੁਲਸ ਫਿਰੋਜ਼ ਪਟੇਲ ਦੀ ਭਾਲ ਕਰ ਰਹੀ ਹੈ।


Related News