ਪੰਜਾਬ ਪੁਲਸ ਦਾ ਸਾਬਕਾ ਡੀ. ਐੱਸ. ਪੀ. ਤੇ 2 ਹੋਰ ਅਫੀਮ ਸਮੇਤ ਗ੍ਰਿਫਤਾਰ

03/23/2018 3:01:19 PM

ਮੋਹਾਲੀ (ਕੁਲਦੀਪ) : ਐੱਸ. ਟੀ. ਐੱਫ. ਦੀ ਟੀਮ ਨੇ 15 ਕਿਲੋ ਅਫੀਮ ਅਤੇ ਲਾਈਸੈਂਸੀ ਅਸਲੇ ਸਮੇਤ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ 'ਚ ਸਾਬਕਾ ਡੀ. ਐੱਸ. ਪੀ. ਹਕੀਕਤ ਰਾਏ ਵਾਸੀ ਗੋਲਡਨ ਸਿਟੀ ਸਰਹਿੰਦ, ਬਿਕਰਮ ਨਾਥ ਵਾਸੀ ਪਿੰਡ ਬਦੋਸ਼ੀ, ਜ਼ਿਲਾ ਫਤਿਹਗੜ੍ਹ ਸਾਹਿਬ ਅਤੇ ਸਰਵਣ ਸਿੰਘ ਵਾਸੀ ਪਿੰਡ ਨਾਰਾਇਣਗੜ੍ਹ ਸ਼ਾਮਲ ਹਨ। ਪੁੱਛਗਿੱਛ ਦੌਰਾਨ ਦੋਸ਼ੀ ਬਿਕਰਮ ਨਾਥ ਨੇ ਦੱਸਿਆ ਕਿ ਉਸ ਨੂੰ 14 ਸਾਲ  ਦੀ ਉਮਰ 'ਚ ਡੇਰਾ ਬਾਬਾ ਜਸਵੰਤ ਨਾਥ ਪਿੰਡ ਬਦੋਸ਼ੀ ਕਲਾਂ ਵਿਖੇ ਚੜ੍ਹਾ ਦਿੱਤਾ ਸੀ, ਜਿੱਥੇ ਉਹ ਸੇਵਾ ਕਰਦਾ ਰਿਹਾ ਅਤੇ ਸਾਲ 2006 'ਚ ਉਸ ਦੇ ਗੁਰੂ ਦੀ ਮੌਤ ਹੋ ਗਈ ਅਤੇ ਗੱਦੀ ਉਸ ਨੂੰ ਮਿਲ ਗਈ। ਡੇਰੇ ਦੀ 28 ਏਕੜ ਜ਼ਮੀਨ ਸੀ। ਡੇਰੇ 'ਤੇ ਦੋਸ਼ੀ ਸਰਵਣ ਸਿੰਘ ਆਉਂਦਾ ਸੀ ਅਤੇ 7-8 ਸਾਲ ਤੋਂ ਹਕੀਕਤ ਰਾਏ ਵੀ ਡੇਰੇ ਆਉਂਦਾ ਸੀ। ਸਾਲ 2015 'ਚ ਹਕੀਕਤ ਰਾਏ ਰਿਟਾਇਰ ਹੋਇਆ ਸੀ। ਉਕਤ ਤਿੰਨੇ ਮਿਲ ਕੇ ਡੇਰੇ ਦੀ ਆੜ 'ਚ ਕਾਰ 'ਚ ਸਵਾਰ ਹੋ ਕੇ ਝਾਰਖੰਡ ਤੋਂ ਸਸਤੇ ਭਾਅ 'ਚ ਅਫੀਮ ਲਿਆ ਕੇ ਮਹਿੰਗੇ ਮੁੱਲ 'ਤੇ ਵੇਚਦੇ ਸਨ। ਫਿਲਹਾਲ ਪੁਲਸ ਵਲੋਂ ਤਿੰਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। 
 


Related News