ਪੰਜਾਬ ਤੋਂ ਸੁਨੀਲ ਜਾਖੜ ਵੀ ਦੇ ਸਕਦੇ ਹਨ ਸੂਬਾ ਪ੍ਰਧਾਨਗੀ ਤੋਂ ਅਸਤੀਫਾ

03/23/2018 2:52:38 PM

ਜਲੰਧਰ (ਰਵਿੰਦਰ)— 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਕੌਮੀ ਪੱਧਰ 'ਤੇ ਪਾਰਟੀ 'ਚ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ। ਇਸ ਦਾ ਸੰਕੇਤ ਕੌਮੀ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੀ ਕੌਮੀ ਕਨਵੈਨਸ਼ਨ 'ਚ ਦੇ ਚੁੱਕੇ ਹਨ। ਉਹ ਚਾਹੁੰਦੇ ਹਨ ਕਿ ਹੁਣ ਦੇਸ਼ ਭਰ 'ਚ ਯੂਥ ਕਾਂਗਰਸ ਖੜ੍ਹੀ ਕੀਤੀ ਜਾਵੇ ਅਤੇ ਵਡੇਰੀ ਉਮਰ ਦੇ ਆਗੂਆਂ ਨਾਲ ਉਨ੍ਹਾਂ ਦਾ ਤਾਲਮੇਲ ਵਧੀਆ ਬਣਾਇਆ ਜਾਵੇ। ਇਸ ਦੇ ਮੱਦੇਨਜ਼ਰ ਅਜੇ ਤੱਕ 3 ਸੂਬਿਆਂ ਦੇ ਪ੍ਰਧਾਨ ਆਪਣਾ ਅਸਤੀਫਾ ਕੌਮੀ ਪ੍ਰਧਾਨ ਨੂੰ ਭੇਜ ਚੁੱਕੇ ਹਨ। ਇਸ ਤੋਂ ਪਹਿਲਾਂ ਗੁਜਰਾਤ ਅਤੇ ਗੋਆ ਦੇ ਪ੍ਰਧਾਨ ਵੀ  ਅਸਤੀਫਾ ਦੇ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਪੰਜਾਬ ਤੋਂ ਸੁਨੀਲ ਜਾਖੜ ਵੀ ਸੂਬਾ ਪ੍ਰਧਾਨਗੀ ਤੋਂ ਅਸਤੀਫਾ ਦੇ ਸਕਦੇ ਹਨ ਕਿਉਂਕਿ ਰਾਹੁਲ ਗਾਂਧੀ ਨੇ ਨਵੀਂ ਵਰਕਿੰਗ ਕਮੇਟੀ ਬਣਾਉਣੀ ਹੈ ਅਤੇ ਉਸ 'ਚ ਕਈ ਕਾਬਿਲ ਆਗੂਆਂ ਨੂੰ ਅਹਿਮ ਅਹੁਦੇ ਮਿਲ ਸਕਦੇ ਹਨ। 
ਸੁਨੀਲ ਜਾਖੜ ਸੰਸਦ ਮੈਂਬਰ ਵੀ ਹਨ ਅਤੇ ਪਾਰਟੀ ਚਾਹੇਗੀ ਕਿ ਉਹ ਆਪਣਾ ਧਿਆਨ ਜ਼ਿਆਦਾ ਦਿੱਲੀ ਵਿਚ ਲਗਾਉਣ। ਇਸ ਲਈ ਪੰਜਾਬ ਤੋਂ ਨਵਾਂ ਪ੍ਰਧਾਨ ਚੁਣਿਆ ਜਾ ਸਕਦਾ ਹੈ। ਨਵੇਂ ਪ੍ਰਧਾਨ ਦੇ ਹੱਥ ਕਮਾਨ ਆਉਂਦਿਆਂ ਹੀ ਪਾਰਟੀ ਸੂਬੇ 'ਚ 2019 ਦੀਆਂ ਚੋਣ ਤਿਆਰੀਆਂ 'ਚ ਜੁਟ ਜਾਵੇਗੀ। ਅਜੇ ਪੰਜਾਬ ਸੂਬਾ ਕਾਂਗਰਸ ਦੇ ਸੰਗਠਨਾਤਮਕ ਢਾਂਚੇ 'ਚ ਵੀ ਵਾਧਾ ਕੀਤਾ ਜਾਣਾ ਹੈ ਅਤੇ ਉਮੀਦ ਹੈ ਕਿ ਨਵਾਂ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਹੀ ਇਸ 'ਚ ਵਾਧਾ ਕੀਤਾ ਜਾਵੇਗਾ। 
ਜ਼ਿਕਰਯੋਗ ਹੈ ਕਿ ਸਾਬਕਾ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ਦੀ ਪ੍ਰਧਾਨਗੀ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਸੌਂਪੀ ਸੀ, ਉਸ ਸਮੇਂ ਸੁਨੀਲ ਜਾਖੜ ਸੰਸਦ ਮੈਂਬਰ ਨਹੀਂ ਸਨ। ਉਹ 2017 ਵਿਧਾਨ ਸਭਾ ਚੋਣਾਂ 'ਚ ਅਬੋਹਰ ਤੋਂ ਹਾਰ ਚੁੱਕੇ ਸਨ। ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਅਹੁਦੇ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਅਤੇ ਇਸ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਉਪ ਚੋਣ 'ਚ ਬਤੌਰ ਉਮੀਦਵਾਰ ਉਤਾਰਿਆ ਗਿਆ, ਜਿੱਥੋਂ ਉਨ੍ਹਾਂ ਨੇ ਵੱਡੇ ਮਾਰਜਨ ਨਾਲ ਚੋਣ ਜਿੱਤੀ। ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਸੂਬੇ ਦੀ ਸਿਆਸਤ 'ਚ ਸੁਨੀਲ ਜਾਖੜ ਵੱਡੇ ਆਗੂ ਦੇ ਤੌਰ 'ਤੇ ਉਭਰੇ ਹਨ। ਭਾਵੇਂ ਸੂਬੇ ਦੇ ਵੱਡੇ ਆਗੂਆਂ ਦਾ ਮੰਨਣਾ ਹੈ ਕਿ ਹਾਈਕਮਾਨ ਅਜੇ ਪੰਜਾਬ 'ਚ ਬਦਲਾਅ ਨਹੀਂ ਕਰਨਾ ਚਾਹੇਗੀ। ਸੁਨੀਲ ਜਾਖੜ ਬਤੌਰ ਪ੍ਰਧਾਨ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੁੱਖ ਮੰਤਰੀ ਦੇ ਨਾਲ ਵੀ ਵਧੀਆ ਤਾਲਮੇਲ ਹੈ।


Related News