ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ 26 ਮਾਰਚ ਨੂੰ ਕਰੇਗੀ ਵਿਧਾਨ ਦਾ ਘਿਰਾਓ

03/23/2018 2:25:33 PM


ਮੱਖੂ (ਵਾਹੀ) - ਪਿਛਲੇ ਦੋਂ ਢਾਈ ਮਹੀਨਿਆਂ ਤੋਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਯੂਨੀਅਨ ਆਪਣੀਆਂ ਹੱਕੀ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਲੜਾਈ ਲੜ ਰਹੀਆਂ ਹਨ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਕੀਤੀ ਜਾ ਰਹੀ ਹੈ। 
ਇਸ ਮੌਕੇ ਆਂਗਣਵਾੜੀ ਯੂਨੀਅਨ ਬਲਾਕ ਮੱਖੂ ਪ੍ਰਧਾਨ ਜੀਵਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਂਗਨਵਾੜੀ ਵਰਕਰਾਂ ਮੰਗਾ ਪੂਰੀਆਂ ਕਰਵਾਉਣ ਲਈ ਸੜਕਾਂ 'ਤੇ ਧੱਕੇ ਖਾ ਰਹੀਆਂ ਹਨ ਪਰ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਅਤੇ ਦਿੱਲੀ ਪੈਟਰਨ 'ਤੇ ਮਾਣਭੱਤਾ ਦੇਣ, ਸਰਕਾਰੀ ਸਕੂਲਾਂ 'ਚ ਦਾਖਲ ਕੀਤੇ ਆਂਗਣਵਾੜੀ ਕੇਂਦਰਾਂ ਦੇ ਬੱਚੇ ਵਾਪਸ ਭੇਜਣ ਅਤੇ ਰੁੱਕੇ ਹੋਏ ਬਿੱਲਾ ਨੂੰ ਪਾਸ ਕਰਵਾਉਣ ਦੀ ਮੰਗ ਕਰ ਰਹੇ ਹਨ। 
ਜੀਵਨ ਸ਼ਰਮਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭਰੂਣ ਹੱਤਿਆਵਾਂ ਖਿਲਾਫ ਕੈਂਪ ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਭਰੂਣ ਹੱਤਿਆਵਾਂ ਰੋਕਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ, ਜਿਸ ਨਾਲ ਪੰਜਾਬ 'ਚ ਕੁੜੀਆਂ ਦੀ ਦਰ 'ਚ ਵਾਧਾ ਹੋਇਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮਾਂ ਯੂਨੀਅਨ 26 ਮਾਰਚ ਨੂੰ ਪੰਜਾਬ ਭਰ ਤੋਂ ਹਜ਼ਾਰਾਂ ਵਰਕਰਾਂ ਅਤੇ ਹੈਲਪਰਾਂ ਹੱਥਾਂ 'ਚ ਕਾਲੀਆਂ ਝੰਡੀਆਂ ਅਤੇ ਸਿਰਾ 'ਤੇ ਕਾਲੀਆ ਚੁੰਨੀਆਂ ਲੈ ਕੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗਿਆ। ਇਸ ਮੌਕੇ ਪ੍ਰੈੱਸ ਸਕੱਤਰ ਗੁਰਮੀਤ ਕੌਰ, ਮੀਤ ਪ੍ਰਧਾਨ ਸੁਲਕਸ਼ਨਾ, ਸਤੋਸ਼ ਕੌਰ, ਜੋਤੀ ਠੁਕਰਾਲ ਆਦਿ ਵਰਕਰ ਤੇ ਹੈਲਪਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News