ਰੁੱਖ ਨਾਲ ਲਟਕਦੀ ਅਣਪਛਾਤੀ ਲਾਸ਼ ਬਰਾਮਦ

03/23/2018 2:10:04 PM

ਮੱਖੂ (ਵਾਹੀ) : ਪੁਲਸ ਥਾਣਾ ਮੱਖੂ ਦੇ ਅੰਦਰ ਪੈਂਦੀਆਂ ਜੁੜਵਾਂ ਨਹਿਰਾਂ ਤੋਂ ਰੁੱਖ ਨਾਲ ਲਟਕਦੀ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਨਹਿਰਾਂ 'ਤੇ ਤਾਇਨਾਤ ਵਣ-ਗਾਰਡ ਛਿੰਦਾ ਮਸੀਹ ਨੇ ਪੁਲਸ ਥਾਣਾ ਮੱਖੂ ਵਿਖੇ ਇਤਲਾਹ ਦਿੱਤੀ ਕਿ ਨਹਿਰ ਦੇ ਕੰਢੇ ਸੰਘਣੇ ਦਰਖਤਾਂ ਦੇ ਵਿਚ ਇਕ ਲਾਸ਼ ਦਰਖਤ ਨਾਲ ਲਟਕ ਰਹੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਰੁੱਖ ਤੋਂ ਲਾਹਿਆ। ਥਾਣਾ ਮੁੱਖੀ ਨੇ ਦੱਸਿਆ ਕੇ ਲਾਸ਼ 8 ਤੋਂ 10 ਦਿਨ ਪੁਰਾਣੀ ਹੋਣ ਕਾਰਣ ਕਾਫੀ ਖਰਾਬ ਹੋ ਚੁੱਕੀ ਹੈ ਅਤੇ ਮ੍ਰਿਤਕ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਜਾਂ ਇਸ ਦਾ ਕਤਲ ਕੀਤਾ ਗਿਆ ਹੈ ਇਹ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਰਮਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਾ ਕੱਦ 5:8 ਇੰਚ ਅਤੇ ਉਮਰ 35 ਸਾਲ ਦੇ ਕਰੀਬ ਹੈ ਅਤੇ ਉਸ ਦੀ ਬਾਂਹ 'ਤੇ ਅੰਗਰੇਜ਼ੀ ਵਿੱਚ ਸੰਦੀਪ ਕੌਰ ਲਿਖਿਆ ਹੋਇਆ ਹੈ। ਮ੍ਰਿਤਕ ਨੇ ਨੀਲੀ ਜੀਨ ਅਤੇ ਡਬੀਦਾਰ ਕਮੀਜ਼ ਪਹਿਨੀ ਹੋਈ ਹੈ ਅਤੇ ਉਸ ਦੀ ਜੇਬ ਵਿਚੋਂ ਢਿੱਲੋਂ ਟਰਾਂਸਪੋਰਟ ਬਰਨਾਲਾ ਦੀਆਂ ਦੋ ਟਿਕਟਾਂ ਬਰਾਮਦ ਹੋਈਆਂ ਹਨ। ਥਾਣਾ ਮੁੱਖੀ ਨੇ ਦੱਸਿਆ ਕੇ ਲਾਸ਼ ਨੂੰ ਸ਼ਨਾਖਤ ਲਈ ਦੋ ਦਿਨ ਲਈ ਫਰੀਜ਼ਰ ਵਿਚ ਰੱਖਿਆ ਜਾਵੇਗਾ ਅਤੇ ਜੇਕਰ ਕਿਸੇ ਨੂੰ ਮ੍ਰਿਤਕ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਸ ਥਾਣਾ ਮੱਖੂ ਦੇ ਨੰਬਰ 01682- 270024 ਤੇ ਸੰਪਰਕ ਕੀਤਾ ਜਾਵੇ।


Related News