ਤਿੰਨ ਭਾਰਤੀ ਨੌਜਵਾਨਾਂ ਨੂੰ ਵਿਦੇਸ਼ 'ਚ ਕੀਤਾ ਗਿਆ ਅਗਵਾ, ਮੰਗੀ ਫਿਰੌਤੀ

03/23/2018 2:11:12 PM

ਨਾਈਜੀਰੀਆ/ ਕਾਂਗੜਾ— ਨਾਈਜੀਰੀਆ 'ਚ ਭਾਰਤ ਦੇ ਕਾਂਗੜਾ ਜ਼ਿਲੇ ਦੇ ਤਿੰਨ ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਛੱਡਣ ਲਈ 11 ਮਿਲੀਅਨ ਨਾਇਰਾ ਕਰੰਸੀ ਦੀ ਫਿਰੌਤੀ ਮੰਗੀ ਹੈ। ਮਰਚੈਂਟ ਨੇਵੀ 'ਚ ਤਾਇਨਾਤ 3 ਨੌਜਵਾਨਾਂ ਨੂੰ ਸਮੁੰਦਰੀ ਲੁਟੇਰਿਆਂ ਨੇ ਜੰਗਲ 'ਚ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਵਿਦੇਸ਼ 'ਚ ਭਾਰਤੀਆਂ ਨੂੰ ਅਗਵਾ ਕਰਨ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ।
ਹਿਮਾਚਲ ਦੇ ਵਿਕਾਸ ਖੰਡ ਨਗਰੋਟਾ ਸੂਰੀਆਂ ਦੀ ਪੰਚਾਇਤ ਸੁਕਨਾੜਾ ਦਾ ਨੌਜਵਾਨ ਸੁਸ਼ੀਲ ਪਿਛਲੇ 2 ਮਹੀਨਿਆਂ ਤੋਂ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਦੀ ਕੈਦ 'ਚ ਹੈ। ਇਸ ਦੇ ਇਲਾਵਾ ਦੋ ਹੋਰ ਨੌਜਵਾਨ ਅਜੈ ਕੁਮਾਰ ਨਿਵਾਸੀ ਪਾਲਮਪੁਰ ਅਤੇ ਪੰਕਜ ਨਿਵਾਸੀ ਸਮਲੋਟੀ (ਨਗਰੋਟਾ ਬਗਵਾਂ) ਬੰਧਕ ਬਣਾਏ ਗਏ ਹਨ। ਮਰਚੈਂਟ ਨੇਵੀ 'ਚ ਤਾਇਨਾਤ ਸੁਸ਼ੀਲ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਕੰਪਨੀਆਂ ਨਾਲ ਕੰਮ ਕਰ ਰਿਹਾ ਸੀ। ਉਸ ਦੇ ਸਮੁੰਦਰੀ ਜਹਾਜ਼ ਨੂੰ ਨਾਈਜੀਰੀਆ 'ਚ ਹਾਈਜੈਕ ਕਰ ਲਿਆ ਗਿਆ ਹੈ। ਸੁਸ਼ੀਲ, ਅਜੈ ਅਤੇ ਪੰਕਜ ਨੂੰ ਜੰਗਲ 'ਚ ਰੱਖਿਆ ਗਿਆ ਹੈ। 12 ਮਾਰਚ ਨੂੰ ਸੁਸ਼ੀਲ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ 'ਤੇ ਦੱਸਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਹੈ। ਸੁਸ਼ੀਲ ਨੇ ਆਪਣੇ ਭਰਾ ਨੂੰ ਫੋਨ 'ਤੇ ਦੱਸਿਆ ਕਿ 17 ਸਮੁੰਦਰੀ ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਇਸ ਦੇ ਬਾਅਦ ਫੋਨ ਕੱਟ ਦਿੱਤਾ ਗਿਆ। ਅਗਲੇ ਦਿਨ ਫਿਰ ਤੋਂ ਸੁਸ਼ੀਲ ਦੇ ਘਰ ਉਸ ਦਾ ਫੋਨ ਆਇਆ। ਇਸ 'ਚ ਉਸ ਨੇ ਲੁਟੇਰਿਆਂ ਵੱਲੋਂ ਮੰਗੀ ਫਿਰੌਤੀ ਦੀ ਰਕਮ ਦਾ ਜ਼ਿਕਰ ਕੀਤਾ। ਪਰਿਵਾਰ ਵਾਲਿਆਂ ਨੇ ਸੁਸ਼ੀਲ ਦੀ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਮੁੰਦਰੀ ਲੁਟੇਰਿਆਂ ਨਾਲ ਸੰਪਰਕ 'ਚ ਹਨ। ਸੁਸ਼ੀਲ ਦੇ ਭਰਾ ਵਿਨੈ ਕੁਮਾਰ ਨੇ ਦੱਸਿਆ ਕਿ 3 ਦਿਨਾਂ 'ਚ ਇਕ ਵਾਰ ਸਮੁੰਦਰੀ ਲੁਟੇਰੇ ਉਨ੍ਹਾਂ ਨਾਲ ਸੁਸ਼ੀਲ ਦੀ ਗੱਲ ਕਰਵਾਉਂਦੇ ਹਨ।
ਪਰਿਵਾਰਾਂ ਨੇ ਮੰਗੀ ਸਰਕਾਰੀ ਮਦਦ— 
ਤਿੰਨਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ। ਸੁਸ਼ੀਲ ਦੇ ਭਰਾ ਅਮਿਤ ਧੀਮਾਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਜੇ ਤਕ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਐੱਸ. ਪੀ. ਸੰਤੋਸ਼ ਪਟਿਆਲ ਨੇ ਦੱਸਿਆ ਕਿ ਨੌਜਵਾਨਾਂ ਦੇ ਅਗਵਾ ਹੋਣ ਦੀ ਸਰਕਾਰੀ ਜਾਣਕਾਰੀ ਨਹੀਂ ਮਿਲੀ। ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।


Related News