ਫਸਲਾਂ ਦੇ ਖਰੀਦ ਕੇਂਦਰ ਬਣੇ ਪਸ਼ੂਆਂ ਦੇ ਗੋਹਾ ਪੱਥਣ ਦਾ ਸਥਾਨ

03/23/2018 1:56:53 PM


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਹਰ ਪਿੰਡ 'ਚ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜੋ ਫਸਲਾਂ ਖਰੀਦਣ ਲਈ ਘੱਟ ਅਤੇ ਲੋਕਾਂ ਲਈ ਰੂੜੀਆਂ ਅਤੇ ਹੋਰ ਗੰਦਗੀ ਸੁੱਟਣ ਦਾ ਸਾਧਨ ਵੱਧ ਬਣ ਚੁੱਕੇ ਹਨ। ਇਸ ਨਾਲ ਸਬੰਧਤ ਵਿਭਾਗ ਦੇ ਅਧਿਕਾਰੀ ਇਸ ਸਮੱਸਿਆ ਦੇ ਹੱਲ ਲਈ ਕੋਈ ਖਾਸ ਕਾਰਗਰ ਇੰਤਜ਼ਾਮ ਕਰਨ 'ਚ ਅਸਫਲ ਸਿੱਧ ਹੋਏ ਹਨ।
ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਹਿੰਮਤਪੁਰਾ, ਰੌਂਤਾ, ਪੱਤੋ, ਰਾਮਾਂ, ਬਿਲਾਸਪੁਰ, ਮਾਛੀਕੇ, ਦੀਨਾਂ, ਰਣਸੀਂਹ, ਨੰਗਲ, ਮੀਨੀਆਂ, ਬੌਡੇ, ਖੋਟੇ, ਭਾਗੀਕੇ ਆਦਿ ਦਾ ਦੌਰਾ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਪਿੰਡਾਂ ਦੇ ਖਰੀਦ ਕੇਂਦਰਾਂ 'ਚ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਪਾਥੀਆਂ ਪੱਥੀਆਂ ਜਾ ਰਹੀਆਂ ਹਨ। ਵਿਭਾਗ ਇਨ੍ਹਾਂ ਖਰੀਦ ਕੇਂਦਰਾਂ ਦੀ ਸਫਾਈ ਸਿਰਫ ਫਸਲਾਂ ਦੀ ਖਰੀਦ ਕਰਨ ਵੇਲੇ ਹੀ ਕਰਦੇ ਹਨ ਅਤੇ ਬਾਕੀ ਸਮਾਂ ਇਹ ਖਰੀਦ ਕੇਂਦਰ ਸਿਰਫ ਲੋਕਾਂ ਲਈ ਗੋਹਾ-ਕੂੜਾ ਸੁੱਟਣ ਤੱਕ ਸੀਮਤ ਹਨ। ਬੇਸ਼ੱਕ ਸਰਕਾਰ ਵੱਲੋਂ ਮੰਡੀਆਂ 'ਚ ਖਰੀਦ ਪ੍ਰਬੰਧਾਂ ਸਮੇਤ ਇਸ ਨਾਲ ਜੁੜੇ ਹੋਰ ਕੰਮਾਂ 'ਤੇ ਕਾਫੀ ਪੈਸਾ ਖਰਚ ਕੀਤਾ ਜਾਂਦਾ ਹੈ, ਪੰਜਾਬ ਮੰਡੀਕਰਨ ਬੋਰਡ ਦੁਆਰਾ ਮਾਰਕੀਟ ਕਮੇਟੀਆਂ ਰਾਹੀਂ ਮੰਡੀਆਂ 'ਚ ਪੀਣ ਦੇ ਪਾਣੀ ਦੇ ਪ੍ਰਬੰਧ ਵਾਸਤੇ ਨਲਕੇ ਤੇ ਵਾਟਰ ਕੂਲਰ ਆਦਿ ਤੋਂ ਇਲਾਵਾ ਪੱਕੇ ਫੜ੍ਹਾਂ ਦੀ ਮੁਰੰਮਤ ਅਤੇ ਸਫਾਈ ਕਰਨ, ਰੌਸ਼ਨੀ ਵਾਸਤੇ ਬਿਜਲੀ ਦੇ ਪ੍ਰਬੰਧ ਵਾਸਤੇ ਠੇਕਾ ਆਧਾਰਿਤ ਟੈਂਡਰ ਭਰੇ ਜਾਂਦੇ ਹਨ। 
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਹਰ ਸਾਲ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਂਦੀ ਹੈ ਪਰ ਸਰਕਾਰ ਦੇ ਫੈਸਲੇ ਤੋਂ ਅਣਜਾਣ ਮਾਰਕੀਟ ਕਮੇਟੀਆਂ ਵੱਲੋਂ ਪਿੰਡਾਂ ਦੇ ਖਰੀਦ ਕੇਂਦਰਾਂ ਦੀ ਸਫਾਈ ਕਰਨਾ ਜ਼ਰੂਰੀ ਨਹੀਂ ਸਮਝਿਆ। ਪਿੰਡਾਂ ਦੀਆਂ ਦਾਣਾ ਮੰਡੀਆਂ 'ਚ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰ ਦਾਣਾ ਮੰਡੀ ਦੀ ਬਜਾਏ ਰੂੜੀਆਂ ਵਾਲੀ ਜਗ੍ਹਾ ਹੋਣ ਦਾ ਭੁਲੇਖਾ ਪਾ ਰਹੇ ਹਨ। ਦੂਸਰੇ ਪਾਸੇ ਮਾਰਕੀਟ ਕਮੇਟੀਆਂ ਦੇ ਕੁਝ ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਉਹ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਤੋਂ ਸਿਆਸੀ ਦਬਾਅ ਕਾਰਨ ਅਸਮਰੱਥ ਹਨ ਕਿਉਂਕਿ ਸਖਤੀ ਕਰਨ 'ਤੇ ਉਨ੍ਹਾਂ ਨੂੰ ਪਿੰਡਾਂ ਦੇ ਚੌਧਰੀਆਂ ਵੱਲੋਂ ਅੱਖਾਂ ਦਿਖਾਈਆਂ ਜਾਂਦੀਆਂ ਹਨ।


Related News