ਫੌਜ ਦੇ ਦਬਦਬੇ ਨੇ ਪਾਕਿ ਨੂੰ ਬਣਾਇਆ ਅਸਫਲ ਦੇਸ਼ : ਬ੍ਰਿਟਿਸ਼ ਥਿੰਕ ਟੈਂਕ

03/23/2018 1:51:44 PM

ਲੰਡਨ (ਬਿਊਰੋ)— ਪਾਕਿਸਤਾਨ ਵਿਚ ਭਾਵੇਂ ਲੋਕਤੰਤਰੀ ਸਰਕਾਰ ਹੈ ਪਰ ਫਿਰ ਵੀ ਉੱਥੇ ਦੀ ਸੱਤਾ 'ਤੇ ਫੌਜ ਦਾ ਦਬਦਬਾ ਹੈ। ਇਹ ਗੱਲ ਬਾਕੀ ਦੇਸ਼ਾਂ ਤੋਂ ਲੁਕੀ ਨਹੀਂ। ਲੰਡਨ ਦੇ ਪ੍ਰਸਿੱਧ ਥਿੰਕ ਟੈਂਕ ਦੀ ਡੈਮੋਕ੍ਰੈਟਿਕ ਫੋਰਮ (TDF) ਨੇ ' ਇਕਨੋਮਿਕ ਐਂਡ ਪੋਲੀਟੀਕਲ ਪਾਵਰ ਆਫ ਦੀ ਮਿਲਟਰੀ' ਨਾਂ ਦਾ ਸੈਮੀਨਾਰ ਆਯੋਜਿਤ ਕੀਤਾ। ਜਿਸ ਵਿਚ ਇਹ ਮੰਨਿਆ ਗਿਆ ਕਿ ਫੌਜ ਦੇ ਦਬਦਬੇ ਕਾਰਨ ਪਾਕਿਸਤਾਨ ਇਕ ਅਸਫਲ ਦੇਸ਼ ਬਣ ਗਿਆ ਹੈ। ਇਸ ਸੈਮੀਨਾਰ ਵਿਚ 4 ਦੇਸ਼ਾਂ ਪਾਕਿਸਤਾਨ, ਮਿਆਂਮਾਰ, ਤੁਰਕੀ ਅਤੇ ਮਿਸਰ ਦੀ ਸਥਿਤੀ 'ਤੇ ਚਰਚਾ ਕੀਤੀ ਗਈ। ਸਾਲ 2017 ਦੇ ਡੈਮੋਕ੍ਰੈਸੀ ਇੰਡੈਕਸ ਵਿਚ ਇਨ੍ਹਾਂ ਚਾਰੇ ਦੇਸ਼ਾਂ ਵਿਚੋਂ ਕਿਸੇ ਨੂੰ ਵੀ 10 ਵਿਚੋਂ 5 ਤੋਂ ਜ਼ਿਆਦਾ ਅੰਕ ਨਹੀਂ ਮਿਲੇ ਸਨ। ਸੈਮੀਨਾਰ ਵਿਚ ਸ਼ਾਮਲ ਡਾਕਟਰ ਹੁਡਬਾਏ ਨੇ ਕਿਹਾ ਕਿ ਪਾਕਿਸਤਾਨੀ ਫੌਜ ਹਮੇਸ਼ਾ ਕਹਿੰਦੀ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲੇ ਸਿਰਫ ਉਨ੍ਹਾਂ ਨੂੰ ਸੌਂਪ ਸਕਦੀ ਹੈ, ਜੋ ਇਸ ਤਰ੍ਹਾਂ ਦੇ ਭਰੋਸੇ ਦੇ ਲਾਇਕ ਹੋਣ। ਇੰਨਾ ਹੀ ਨਹੀਂ ਸੈਮੀਨਾਰ ਵਿਚ ਪਾਕਿਸਤਾਨੀ ਫੌਜ ਅਤੇ ਅੱਤਵਾਦੀ ਸਮੂਹਾਂ ਵਿਚਕਾਰ ਸੰਬੰਧਾਂ 'ਤੇ ਵੀ ਚਰਚਾ ਹੋਈ। ਇਸ ਲਈ ਸਾਬਕਾ ਰਾਸ਼ਟਰਪਤੀ ਅਤੇ ਫੌਜ ਦੇ ਮੁਖੀ ਰਹੇ ਜਨਰਲ ਪਰਵੇਜ਼ ਮੁਸ਼ੱਰਫ ਦਾ ਵੀ ਜ਼ਿਕਰ ਕੀਤਾ ਗਿਆ। ਸੈਮੀਨਾਰ ਵਿਚ ਦੱਸਿਆ ਗਿਆ ਕਿ ਕਿਵੇਂ ਸਾਲ 2002 ਵਿਚ ਅਮਰੀਕਾ ਦੇ ਦਬਾਅ  ਕਾਰਨ ਪਰਵੇਜ਼ ਮੁਸ਼ੱਰਫ ਨੇ ਲਸ਼ਕਰ-ਏ-ਤੈਅਬਾ 'ਤੇ ਪਾਬੰਦੀ ਲਗਾਈ ਸੀ ਪਰ ਨਵੰਬਰ 2017 ਉਸ ਨੂੰ ਹੀ ਪਾਕਿਸਤਾਨ ਦੇ ਸਭ ਤੋਂ ਵਧੀਆ ਸੰਗਠਨਾਂ ਵਿਚੋਂ ਇਕ ਕਰਾਰ ਦਿੱਤਾ ਸੀ। ਬਿਊਰੋ ਦੀ ਸਾਬਕਾ ਪੱਤਰਕਾਰ ਮਾਯਰਾ ਮੈਕਡੌਨਲਡ ਨੇ ਭਾਰਤੀ ਲੋਕਤੰਤਰ ਦਾ ਵੀ ਜ਼ਿਕਰ ਕੀਤਾ। ਮੈਕਡੌਨਲਡ ਨੇ ਕਿਹਾ ਕਿ ਭਾਰਤੀ ਲੋਕਤੰਤਰ ਅਤੇ ਕੂਟਨੀਤੀ ਨੇ ਉਸ ਨੂੰ ਸਫਲਤਾ ਪਾਉਣ ਵਿਚ ਮਦਦ ਕੀਤੀ ਹੈ। ਉੱਥੇ ਪਾਕਿਸਤਾਨ ਵਿਚ ਫੌਜ ਦੇ ਦਬਦਬੇ ਨੇ ਨਾ ਸਿਰਫ ਉਸ ਦੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਬਲਕਿ ਉਸ ਨੂੰ ਇਕ ਅਸਫਲ ਦੇਸ਼ ਬਣਾਇਆ ਹੈ।


Related News