ਸੁਲਤਾਨਪੁਰ ਲੋਧੀ ਪੁਲਸ ਵੱਲੋਂ ਵੱਖ-ਵੱਖ ਥਾਵਾਂ ਦੀ ਚੈਕਿੰਗ

03/23/2018 1:38:45 PM

ਸੁਲਤਾਨਪੁਰ ਲੋਧੀ (ਧੀਰ)— ਨਰਾਤਿਆਂ ਦੇ ਤਿਉਹਾਰ ਅਤੇ ਰਾਮ ਨੌਮੀ ਨੂੰ ਮੁੱਖ ਰੱਖਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਬੀਤੀ ਰਾਤ ਅਤੇ ਸਵੇਰੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਐੱਸ. ਐੱਚ. ਓ. ਸਰਬਜੀਤ ਸਿੰਘ ਦੀ ਅਗਵਾਈ ਹੇਠ ਝੁੱਗੀਆਂ-ਝੌਂਪੜੀਆਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਵੱਖ-ਵੱਖ ਥਾਵਾਂ 'ਤੇ ਪੁਲਸ ਨਾਲ ਜਾਂਚ ਪੜਤਾਲ ਤੇ ਪੁੱਛਗਿਛ ਸਬੰਧੀ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਨੇ ਪਹਿਲਾਂ ਦੇਰ ਰਾਤ ਰੇਲਵੇ ਸਟੇਸ਼ਨ 'ਤੇ ਦਬਿਸ਼ ਦਿੱਤੀ ਤੇ ਪਲੇਟਫਾਰਮ 'ਤੇ ਸੁੱਤੇ ਪਏ ਵਿਅਕਤੀਆਂ, ਨਜ਼ਦੀਕ ਹੀ ਰਹਿਣ ਵਾਲੇ ਝੁੱਗੀਆਂ-ਝੌਂਪੜੀਆਂ ਵਾਲਿਆਂ ਦੀ ਗਹਿਰੀ ਜਾਂਚ ਪੜਤਾਲ ਕੀਤੀ। ਇਸ ਤੋਂ ਬਾਅਦ ਪੁਲਸ ਨੇ ਮੁੱਖ ਦਾਣਾ ਮੰਡੀ ਦੇ ਬਾਹਰ ਝੁੱਗੀਆਂ-ਝੌਂਪੜੀਆਂ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਤੋਂ ਉਨ੍ਹਾਂ ਦੇ ਰਹਿਣ ਸਬੰਧੀ ਪੂਰਾ ਨਾਂ ਪਤਾ ਪੁੱਛਿਆ ਅਤੇ ਉਸ ਨੂੰ ਲਿਖਿਆ। ਬੱਸ ਸਟੈਂਡ 'ਤੇ ਵੀ ਪੁਲਸ ਵੱਲੋਂ ਅਚਾਨਕ ਦਿੱਤੀ ਦਬਿਸ਼ 'ਤੇ ਬੱਸ ਸਟੈਂਡ ਤੇ ਖੜ੍ਹੇ ਯਾਤਰੀਆਂ 'ਚ ਹੜਕੰਪ ਮੱਚ ਗਿਆ।
ਪੁਲਸ ਨੇ ਪੁਰੀ ਤਰ੍ਹਾਂ ਬੱਸਾਂ ਦੀ ਅੰਦਰ ਵੀ ਚੈਕਿੰਗ ਕੀਤੀ ਤੇ ਬੱਸ 'ਚ ਪਏ ਸਾਮਾਨ ਬਾਰੇ ਵੀ ਪੁੱਛਤਾਛ ਕੀਤੀ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਕੁਝ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ ਹਨ, ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਤੇ ਤਿਉਹਾਰ ਮੌਕੇ ਵੀ ਕਿਸੇ ਅਣਸੁਖਾਵੀ ਘਟਨਾ ਨਾ ਵਾਪਰੇ ਉਸ ਦੇ ਸਬੰਧ 'ਚ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕੋਈ ਇੱਕਾ ਦੁੱਕਾ ਵਾਰਦਾਤਾਂ ਹੋਈਆਂ ਹਨ, ਉਸ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ ਤੇ ਮੁਲਜ਼ਮ ਵੀ ਪੁਲਸ ਦੀ ਗ੍ਰਿਫਤ 'ਚ ਹੋਣਗੇ। ਇਸ ਮੌਕੇ ਏ. ਐੱਸ. ਆਈ. ਲਖਵੀਰ ਸਿੰਘ, ਐੱਚ. ਸੀ. ਸੁਰਜੀਤ ਸਿੰਘ, ਐੱਸ. ਸੀ. ਰਜਿੰਦਰ ਸਿੰਘ, ਕੁਲਦੀਪ ਸਿੰਘ, ਹੌਲਦਾਰ ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।


Related News