ਕਿਸਾਨਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਟਾਰਟਰ ਰੂਮ ''ਚ ਕੀਤਾ ਬੰਦ

03/23/2018 1:34:25 PM

ਭਦੌੜ (ਰਾਕੇਸ਼)—ਜਾਅਲੀ ਮੋਟਰ ਕੁਨੈਕਸ਼ਨਾਂ ਦੇ ਪਾਏ ਜੁਰਮਾਨਿਆਂ ਦੇ ਰੋਸ 'ਚ 4 ਦਿਨਾਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਾਵਰਕਾਮ ਦੇ ਦਫਤਰ ਵਿਖੇ ਧਰਨਾ ਦਿੱਤਾ ਹੋਇਆ ਹੈ। ਵੀਰਵਾਰ ਨੂੰ ਧਰਨਾਕਾਰੀਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਬਿਜਲੀ ਸਟਾਰਟਰ ਰੂਮ 'ਚ ਬੰਦ ਕਰ ਦਿੱਤਾ।
ਐਕਸੀਅਨ ਅਤੇ ਨਾਇਬ ਤਹਿਸੀਲਦਾਰ ਨੇ ਕਿਸਾਨ ਆਗੂਆਂ ਨਾਲ ਕੀਤੀ ਮੀਟਿੰਗ : ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਪਾਵਰਕਾਮ ਦਫਤਰ ਭਦੌੜ ਵਿਖੇ ਐੱਸ. ਡੀ. ਓ. ਸ਼ਹਿਣਾ ਸੁਸ਼ੀਲ ਕੁਮਾਰ ਸਣੇ ਹੋਰਨਾਂ ਅਧਿਕਾਰੀਆਂ ਨੂੰ ਬਿਜਲੀ ਸਟਾਰਟਰ ਰੂਮ 'ਚ ਬੰਦ ਕਰ ਦਿੱਤਾ। ਜਦੋਂ ਇਸ ਗੱਲ ਦਾ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪਾਵਰਕਾਮ ਜ਼ਿਲਾ ਬਰਨਾਲਾ ਦੇ ਐਕਸੀਅਨ ਪਵਨ ਕੁਮਾਰ ਗਰਗ, ਨਾਇਬ ਤਹਿਸੀਲਦਾਰ ਹਰਪਾਲ ਸਿੰਘ ਰਾਏ ਭਦੌੜ, ਐੱਸ. ਐੱਚ. ਓ. ਸੁਰਿੰਦਰ ਸਿੰਘ ਤਪਾ, ਐੱਸ. ਐੱਚ. ਓ. ਪ੍ਰਗਟ ਸਿੰਘ, ਐੱਸ. ਐੱਚ. ਓ. ਅਨਵਰ ਮੁਹੰਮਦ ਸ਼ਹਿਣਾ ਆਪਣੀ ਪੂਰੀ ਪੁਲਸ ਟੀਮ ਨੂੰ ਲੈ ਕੇ ਮੌਕੇ 'ਤੇ ਪੁੱਜੇ। ਉਪਰੰਤ ਕਿਸਾਨ ਆਗੂ ਕੁਲਵੰਤ ਸਿੰਘ ਮਾਨ, ਚਮਕੌਰ ਸਿੰਘ ਨੈਣੇਵਾਲੀਆ, ਕਿਸਾਨ ਆਗੂਆਂ ਨਾਲ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਰਾਏ ਅਤੇ ਐਕਸੀਅਨ ਪਵਨ ਕੁਮਾਰ ਗਰਗ ਨੇ ਮੀਟਿੰਗ ਕੀਤੀ, ਜਿਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਖੇਤੀ ਮੋਟਰਾਂ ਬਿਨਾਂ ਸ਼ਰਤ ਪੱਕੀਆਂ ਕੀਤੀਆਂ ਜਾਣ, ਕਿਸਾਨਾਂ ਦੇ ਜੁਰਮਾਨੇ ਮੁਆਫ ਕੀਤੇ ਜਾਣ ਨਹੀਂ ਤਾਂ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। 
ਇਨ੍ਹਾਂ ਅਧਿਕਾਰੀਆਂ ਨੂੰ ਬਣਾਇਆ ਬੰਦੀ :  ਸੁਸ਼ੀਲ ਕੁਮਾਰ ਐੱਸ. ਡੀ. ਓ. ਸ਼ਹਿਣਾ, ਅਮਨਦੀਪ ਸਿੰਘ ਜੇ. ਈ., ਸੁੱਚਾ ਸਿੰਘ ਇੰਚਾਰਜ ਬਿਜਲੀ ਸਟਾਰਟਰ ਰੂਮ ਭਦੌੜ, ਰਵਿੰਦਰ ਸਿੰਘ, ਜਸਵੀਰ ਸਿੰਘ ਲਾਈਨਮੈਨ, ਦਰਬਾਰਾ ਸਿੰਘ ਸਹਾਇਕ ਲਾਈਨਮੈਨ, ਰੁਲਦੂ ਸਿੰਘ ਸਹਾਇਕ ਲਾਈਨਮੈਨ, ਮਨੋਹਰ ਸਿੰਘ ਲਾਈਨਮੈਨ, ਗੁਰਮੇਲ ਸਿੰਘ ਸਹਾਇਕ ਲਾਈਨਮੈਨ, ਅਮਨਦੀਪ ਕੌਰ ਕੈਸ਼ੀਅਰ, ਪ੍ਰੀਤਇੰਦਰ ਕੌਰ ਸੇਵਾਦਾਰ।
ਕੀ ਕਹਿੰਦੇ ਨੇ ਐਕਸੀਅਨ : ਜਦੋਂ ਇਸ ਸਬੰਧੀ ਜ਼ਿਲਾ ਬਰਨਾਲਾ ਦੇ ਐਕਸੀਅਨ ਪਵਨ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਅਧਿਕਾਰੀਆਂ ਨੂੰ ਬਿਜਲੀ ਸਟਾਰਟਰ ਰੂਮ 'ਚ ਬੰਦ ਕਰ ਦਿੱਤਾ ਗਿਆ ਹੈ। ਅਸੀਂ ਇਸ ਲਈ ਪਾਵਰਕਾਮ ਦਫਤਰ ਭਦੌੜ ਵਿਖੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਆਏ ਸੀ। ਕਿਸਾਨ ਆਗੂਆਂ ਨਾਲ ਗੱਲਬਾਤ ਹੋ ਗਈ ਹੈ। ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ ਹਨ, ਜਿਨ੍ਹਾਂ ਬਾਰੇ ਮੈਂ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਲਈ ਹੈ ਪਰ ਗੱਲ ਕਿਸੇ ਸਿੱਟੇ 'ਤੇ ਨਹੀਂ ਪਹੁੰਚੀ। ਖਬਰ ਲਿਖੇ ਜਾਣ ਤੱਕ ਕਿਸਾਨ ਆਗੂਆਂ ਨਾਲ ਪ੍ਰਸ਼ਾਸਨ ਦੀ ਗੱਲਬਾਤ ਜਾਰੀ ਸੀ । ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਕਿਸਾਨ ਆਗੂਆਂ ਦੀ 12.30 ਵਜੇ ਡੀ. ਸੀ. ਨਾਲ ਮੀਟਿੰਗ ਕਰਵਾਈ ਜਾਵੇਗੀ।


Related News