ਗੈਂਗਸਟਰ ਰਵੀ ਦਿਓਲ ਨੂੰ ਜੇਲ ਭੇਜਿਆ

03/23/2018 1:15:17 PM

ਫਤਿਹਗੜ੍ਹ ਸਾਹਿਬ (ਟਿਵਾਣਾ)-ਨਾਮੀ ਗੈਂਗਸਟਰ ਵਿੱਕੀ ਗੌਂਡਰ ਦੇ ਪੰਜਾਬ ਪੁਲਸ ਵੱਲੋਂ ਕੀਤੇ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਮੂਹ ਗੈਂਗਸਟਰਾਂ ਨੂੰ ਮੁੱਖ ਧਾਰਾ 'ਚ ਆਉਣ ਦੀ ਕੀਤੀ ਅਪੀਲ ਉਪਰੰਤ ਆਪਣੇ ਆਪ ਨੂੰ ਸੰਗਰੂਰ ਅਦਾਲਤ 'ਚ ਸਰੰਡਰ ਕਰਨ ਵਾਲੇ ਗੈਂਗਸਟਰ ਰਵੀ ਦਿਓਲ ਨੂੰ ਥਾਣਾ ਅਮਲੋਹ ਦੇ ਮੁਖੀ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਫਤਿਹਗੜ੍ਹ ਸਾਹਿਬ ਦੀ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ। ਪੁਲਸ ਸੂਤਰਾਂ ਅਨੁਸਾਰ ਜਗਦੀਸ਼ ਭੋਲਾ ਡਰੱਗ ਕੇਸ ਤੋਂ ਬਾਅਦ ਰਵੀ ਦਿਓਲ ਖਿਲਾਫ ਫਤਿਹਗੜ੍ਹ ਸਾਹਿਬ ਥਾਣੇ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਸੀ, ਜਿਸ 'ਚ ਉਹ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ, ਜਿਸ ਨੂੰ ਬੀਤੇ ਦਿਨੀਂ ਅਮਲੋਹ ਪੁਲਸ ਨੇ ਸੰਗਰੂਰ ਜੇਲ 'ਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਗ੍ਰਿਫਤਾਰੀ ਪਾਉਣ ਉਪਰੰਤ ਫਤਿਹਗੜ੍ਹ ਸਾਹਿਬ ਅਦਾਲਤ 'ਚ ਪੇਸ਼ ਕਰ ਕੇ 1 ਦਿਨ ਦੇ ਪੁਲਸ ਰਿਮਾਂਡ ਉਪਰੰਤ ਅੱਜ ਫਿਰ ਅਦਾਲਤ 'ਚ ਪੇਸ਼ ਕਰ ਕੇ ਅਦਾਲਤੀ ਹੁਕਮਾਂ 'ਤੇ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ। ਇਥੇ ਦੱਸਣਾ ਬਣਦਾ ਹੈ ਕਿ ਸੰਗਰੂਰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਰਵੀ ਦਿਓਲ 'ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਕਈ ਅਪਰਾਧਿਕ ਤੇ ਡਰੱਗ ਸਬੰਧੀ ਮੁਕੱਦਮੇ ਦਰਜ ਸਨ, ਜਿਨ੍ਹਾਂ 'ਚ ਰਵੀ ਦਿਓਲ ਭਗੌੜਾ ਚੱਲਿਆ ਆ ਰਿਹਾ ਸੀ ਤੇ ਉਸ ਸਮੇਂ ਰਵੀ ਦਿਓਲ ਨੂੰ ਅਕਾਲੀ ਦਲ ਨਾਲ ਸਬੰਧਿਤ ਕੁਝ ਸਿਆਸੀ ਆਗੂਆਂ ਦੀ ਸ਼ਰਨ ਮਿਲਣ ਦੇ ਚਰਚੇ ਸਨ। 


Related News