ਐਫਿਲ ਟਾਵਰ ਦਾ ਬਦਲਿਆ ਜਾਵੇਗਾ ਰੰਗ, ਲੱਗੇਗਾ 3 ਸਾਲ ਦਾ ਸਮਾਂ

03/23/2018 1:07:06 PM

ਪੈਰਿਸ (ਬਿਊਰੋ)— ਦੁਨੀਆ ਦੇ 7 ਅਜੂਬਿਆਂ ਵਿਚ ਸ਼ਾਮਲ ਐਫਿਲ ਟਾਵਰ ਫਰਾਂਸ ਦੇ ਸੱਭਿਆਚਾਰ ਦਾ ਪ੍ਰਤੀਕ ਹੈ। ਪਰ ਇਹ ਹਮੇਸ਼ਾ ਇਕ ਰੰਗ ਵਿਚ ਨਜ਼ਰ ਨਹੀਂ ਆਇਆ ਹੈ। ਸਮੇਂ-ਸਮੇਂ 'ਤੇ ਇਸ ਦਾ ਰੰਗ ਬਦਲਿਆ ਜਾਂਦਾ ਰਿਹਾ ਹੈ। ਵਰਤਮਾਨ ਸਮੇਂ ਵਿਚ ਫ੍ਰਾਂਸੀਸੀ ਸਰਕਾਰ ਇਸ ਨਾਲ ਜੁੜੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਚਾਹੁੰਦੀ ਹੈ। ਇਸੇ ਗੱਲ ਨੁੰ ਧਿਆਨ ਵਿਚ ਰੱਖਦਿਆਂ ਇਕ ਵਾਰੀ ਫਿਰ ਇਸ ਦਾ ਰੰਗ ਬਦਲਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਇਹ ਫੈਸਲਾ ਟਾਵਰ ਦੀ ਚਮਕ ਬਣਾਈ ਰੱਖਣ ਲਈ ਵੀ ਕੀਤਾ ਹੈ। ਐਫਿਲ ਟਾਵਰ ਦਾ ਨਿਰਮਾਣ ਸਾਲ 1889 ਵਿਚ ਹੋਇਆ ਸੀ ਅਤੇ ਉਦੋਂ ਤੋਂ ਹੀ ਕਈਂ ਵਾਰੀ ਇਸ ਦਾ ਰੰਗ ਬਦਲਿਆ ਜਾ ਚੁੱਕਾ ਹੈ। ਇਸ ਸਾਲ ਟਾਵਰ ਨੂੰ ਰੰਗਣ ਦਾ ਕੰਮ ਅਕਤੂਬਰ ਵਿਚ ਸ਼ੁਰੂ ਹੋਵੇਗਾ। 
324 ਮੀਟਰ ਉੱਚੇ ਐਫਿਲ ਟਾਵਰ ਨੂੰ ਸਾਲ 1889 ਵਿਚ ਆਕਰੀਟੈਕਟ ਗੁਸਤਾਵ ਐਫਿਲ ਨੇ ਬਣਵਾਇਆ ਸੀ। ਹਰ 7-8 ਸਾਲ ਬਾਅਦ ਪੂਰਾ ਟਾਵਰ ਪੇਂਟ ਕਰਵਾਇਆ ਜਾਂਦਾ ਹੈ। ਉਂਝ ਪੂਰੇ ਟਾਵਰ ਨੂੰ ਪੇਂਟ ਕਰਨ ਵਿਚ ਕਰੀਬ 3 ਸਾਲ ਦਾ ਸਮਾਂ ਲੱਗੇਗਾ। ਇਸ ਨੂੰ ਪੇਂਟ ਕਰਨ ਲਈ 60 ਹਜ਼ਾਰ ਕਿਲੋ ਪੇਂਟ ਦੀ ਲੋੜ ਪਵੇਗੀ। ਇਸ ਲਈ ਸਰਕਾਰ ਨੇ ਇਸ ਦਾ 2.4 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਟਾਵਰ ਵਿਚ ਕਈ ਜਗ੍ਹਾ ਹੁਣ ਜੰਗ ਲੱਗਣਾ ਸ਼ੁਰੂ ਹੋ ਗਿਆ ਹੈ, ਜੋ ਇਸ ਦੀ ਖੂਬਸੂਰਤੀ ਨੂੰ ਵਿਗਾੜ ਰਿਹਾ ਹੈ। ਇਸ ਸਮੇਂ ਐਫਿਲ ਟਾਵਰ ਦਾ ਰੰਗ ਹਲਕਾ ਭੂਰਾ ਹੈ। ਹੁਣ ਇਸ ਨੂੰ ਬਦਲ ਦਿੱਤਾ ਜਾਵੇਗਾ। ਪ੍ਰਸ਼ਾਸਨ ਮੁਤਾਬਕ ਟਾਵਰ ਨੂੰ ਲਾਲ ਰੰਗ ਵਿਚ ਪੇਂਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਤਿਹਾਸ ਨੂੰ ਤਾਜ਼ਾ ਕਰਨ ਲਈ ਇਸ ਨੂੰ ਲਾਲ ਰੰਗ ਵਿਚ ਪੇਂਟ ਕਰਵਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਲਾਲ ਰੰਗ ਵਿਚ ਪੇਂਟ ਕਰਨ ਦੇ ਪ੍ਰਸਤਾਵ 'ਤੇ ਹਾਲੇ ਮੋਹਰ ਲੱਗਣੀ ਬਾਕੀ ਹੈ।


Related News