ਸਾਬਕਾ ਜਾਸੂਸ 'ਤੇ ਹਮਲੇ ਦੇ ਪਿੱਛੇ ਰੂਸ ਦਾ ਹੱਥ ਹੋਣ ਦੀ ਸੰਭਾਵਨਾ ਜ਼ਿਆਦਾ: EU

03/23/2018 11:58:18 AM

ਬਰਸੇਲਜ਼(ਭਾਸ਼ਾ)— ਯੂਰਪੀ ਸੰਘ ਦੇ ਪ੍ਰਧਾਨ ਡੋਨਾਲਡ ਟਸਕ ਨੇ ਕਿਹਾ ਹੈ ਕਿ ਯੂਰਪੀ ਸੰਘ (ਈ.ਯੂ) ਦੇ ਨੇਤਾ ਬ੍ਰਿਟੇਨ ਦੇ ਉਸ ਮੁਲਾਂਕਣ ਤੋਂ ਸਹਿਮਤ ਹਨ, ਜਿਸ ਵਿਚ ਰੂਸ ਵੱਲੋਂ ਹੀ ਆਪਣੇ ਸਾਬਕਾ ਜਾਸੂਸ 'ਤੇ ਨਰਵ ਏਜੰਟ ਹਮਲਾ ਕਰਾਉਣ ਦੀ ਸੰਭਾਵਨਾ ਜਤਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸੰਭਾਵਨਾ 'ਤੇ ਸਹਿਮਤੀ ਬਣਨ ਦੇ ਨਾਲ ਹੀ ਅੱਜ ਈ. ਯੂ ਨੇਤਾਵਾਂ ਨੇ ਰੂਸ ਤੋਂ ਆਪਣੇ ਦੂਤ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ। ਬਰਸੇਲਜ਼ ਵਿਚ ਆਯੋਜਿਤ ਯੂਰਪੀ ਸੰਘ ਦੇ ਇਕ ਸੰਮੇਲਨ ਵਿਚ 28 ਨੇਤਾਵਾਂ ਨੇ ਸਹਿਮਤੀ ਨਾਲ ਇਸ ਬਿਆਨ ਦਾ ਸਮਰਥਨ ਕੀਤਾ ਕਿ ਬ੍ਰਿਟੇਨ ਦੇ ਦੱਖਣੀ-ਪੱਛਮ ਸ਼ਹਿਰ ਸੇਲਿਸਬਰੀ ਵਿਚ ਹੋਏ ਨਰਵ ਏਜੰਟ ਹਮਲੇ ਵਿਚ ਰੂਸ ਦਾ ਸ਼ਾਮਲ ਹੋਣਾ ਹੀ ਇਸ ਘਟਨਾ ਦੀ 'ਸੰਭਵ ਵਿਆਖਿਆ' ਹੈ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜਾ ਮੇਅ ਵੱਲੋਂ ਆਪਣੇ ਸਹਿਯੋਗੀਆਂ ਨਾਲ ਨਿੱਜੀ ਤੌਰ 'ਤੇ ਕੀਤੀ ਗਈ ਅਪੀਲ ਤੋਂ ਬਾਅਦ ਯੂਰਪੀ ਸੰਘ ਦੇ ਨੇਤਾਵਾਂ ਨੇ ਇਹ ਇਕਜੁੱਟਤਾ ਦਿਖਾਈ। ਟਸਕ ਨੇ ਟਵੀਟ ਕੀਤਾ, 'ਯੂਰਪੀ ਪ੍ਰੀਸ਼ਦ ਬ੍ਰਿਟੇਨ ਸਰਕਾਰ ਦੀ ਇਸ ਗੱਲ ਤੋਂ ਸਹਿਮਤ ਹਨ ਕਿ ਸੈਲਿਸਬਰੀ ਹਮਲੇ ਦੇ ਪਿੱਛੇ ਰੂਸ ਦਾ ਹੱਥ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਅਤੇ ਇਸ ਹਮਲੇ ਦੇ ਪਿੱਛੇ ਦੀ ਕੋਈ ਹੋਰ ਸੰਭਾਵਿਤ ਵਿਆਖਿਆ ਨਹੀਂ ਹੈ।' ਇਸ ਦੌਰਾਨ ਯੂਰਪੀ ਸੰਘ ਦੇ ਨੇਤਾਵਾਂ ਨੇ ਅੱਜ ਫੈਸਲਾ ਲਿਆ ਕਿ ਉਹ ਰੂਸ ਵਿਚੋਂ ਸੰਘ ਦੇ ਦੂਤ ਨੂੰ ਵਾਪਸ ਸੱਦ ਲੈਣਗੇ। ਈ.ਯੂ ਵਿਚ ਸ਼ਾਮਲ ਕਈ ਹੋਰ ਦੇਸ਼ ਵੀ ਰੂਸੀ ਡਿਪਲੋਮੈਟਾ ਨੂੰ ਬਰਖਾਸਤ ਕਰਨ ਜਾਂ ਆਪਣੇ ਦੂਤਾਂ ਨੂੰ ਵਾਪਸ ਬੁਲਾਉਣ ਦੇ ਬਾਰੇ ਵਿਚ ਵਿਚਾਰ ਕਰ ਰਹੇ ਹਨ। ਯੂਰਪੀ ਸੰਘ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਘ ਦੇ ਪਹਿਲੇ ਦਿਨ ਦੇ ਸੰਮੇਲਨ ਤੋਂ ਬਾਅਦ ਕਿਹਾ, 'ਦੋਸ਼ ਲਗਾਉਣ 'ਤੇ ਸਹਿਮਤ ਹੋਣ ਤੋਂ ਬਾਅਦ ਸੰਘ ਦੇ ਮੈਂਬਰ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਕਿਵੇਂ ਸਿਰਫ ਦੋਸ਼ ਲਗਾਉਣ ਨਾਲ ਅੱਗੇ ਵਧ ਕੇ ਉਹ ਕੁੱਝ ਕਾਰਵਾਈ ਕਰਨਗੇ।' ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਨੇ ਯੂਰਪੀ ਸੰਘ ਦੇ ਦੂਤ ਨੂੰ ਵਾਪਸ ਸੱਦਣ ਦੀ ਪੁਸ਼ਟੀ ਕੀਤੀ ਹੈ।


Related News