ਲੁਧਿਆਣਾ ਰੈਲੀ ਦੀਆਂ ਤਿਆਰੀਆਂ ਸਬੰਧੀ ਅਧਿਆਪਕ ਯੂਨੀਅਨ ਦੀ ਹੋਈ ਮੀਟਿੰਗ

03/23/2018 11:38:27 AM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਸਾਂਝੇ ਅਧਿਆਪਕ ਮੋਰਚੇ ਵੱਲੋਂ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਐੱਸ. ਐੱਸ. ਏ. ਰਮਸਾ ਅਧਿਆਪਕ ਯੂਨੀਅਨ ਟਾਂਡਾ ਦੀ  ਇਕ ਅਹਿਮ ਮੀਟਿੰਗ ਸਥਾਨਕ ਸ਼ਿਮਲਾ ਪਹਾੜੀ ਪਾਰਕ ਵਿਖੇ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਸਰਕਾਰ ਵੱਲੋਂ ਸਮੂਹ ਕੰਟਰੈਕਟ ਅਧਿਆਪਕਾਂ ਦੀ ਤਨਖਾਹ 'ਚ 75 ਫੀਸਦੀ ਕਟੌਤੀ ਕਰਦਿਆਂ ਨਵੇਂ ਸਿਰੇ ਤੋਂ ਪ੍ਰੋਬੇਸ਼ਨ ਅਤੇ ਕਰਨ ਦਾ ਸਖਤ ਵਿਰੋਧ ਕੀਤਾ ਗਿਆ। ਮੀਟਿੰਗ 'ਚ ਕਿਹਾ ਗਿਆ ਕਿ ਸਰਕਾਰ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਇਨ੍ਹਾਂ ਅਧਿਆਪਕਾਂ ਦੀ ਭਰਤੀ ਪੂਰੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਗਈ ਸੀ ਅਤੇ ਇਹ ਅਧਿਆਪਕ ਜਿੱਥੇ ਪਿਛਲੇ 9-9 ਸਾਲਾਂ ਤੋਂ ਠੇਕੇ 'ਤੇ ਹੀ ਕੰਮ ਕਰ ਰਹੇ ਹਨ। ਉੱਥੇ ਹੀ 4-4 ਮਹੀਨੇ ਦੀ ਤਨਖਾਹ ਵੀ ਜਾਰੀ ਨਹੀਂ ਕੀਤੀ ਗਈ। ਸਰਕਾਰ ਇਨਾਂ ਨੂੰ ਰੈਗੂਲਰ ਕਰਨ ਦੀ ਬਜਾਏ ਤਨਖਾਹਾਂ 'ਚ ਕਟੌਤੀ ਕਰਦਿਆਂ 10300 ਦੀ ਤਨਖਾਹ 'ਤੇ ਨਵੀਂ ਭਰਤੀ ਦੀਆਂ ਸ਼ਰਤਾਂ ਲਾਗੂ ਕਰ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ ਅਤੇ ਇਸ ਧੱਕੇ ਵਿਰੁੱਧ ਡਟ ਕੇ ਸੰਘਰਸ਼ ਕੀਤਾ ਜਾਵੇਗਾ। 
ਇਸ ਮੌਕੇ 'ਤੇ ਜੀ. ਟੀ. ਯੂ ਵੱਲੋਂ ਵਿਸ਼ੇਸ਼ ਰੂਪ 'ਚ ਪਹੁੰਚੇ ਜ਼ਿਲਾ ਆਗੂ ਅਮਰ ਸਿੰਘ ਵੱਲੋਂ ਜਿੱਥੇ ਇਨਾਂ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਵਿਭਾਗ 'ਚ ਪੱਕਿਆਂ ਕਰਨ ਦੀ ਮੰਗ ਕੀਤੀ ਗਈ ਉੱਥੇ ਹੀ ਸਮੂਹ ਅਧਿਆਪਕਾਂ ਨੂੰ ਸਾਂਝਾ ਅਧਿਆਪਕ ਮੋਰਚਾ ਵੱਲੋਂ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੋਸ ਰੈਲੀ 'ਚ ਵੱਧ ਚੜ੍ਹ ਕੇ ਵੱਡੀ ਗਿਣਤੀ ਹਿੱਸਾ ਲੈਣ ਲਈ ਅਪੀਲ ਕੀਤੀ ਗਈ। ਮੀਟਿੰਗ ਦੌਰਾਨ ਸੁਖਵੀਰ ਸਿੰਘ, ਇੰਦਰਜੀਤ ਸਿੰਘ, ਨਰਿੰਦਰ ਮੰਗਲ, ਪਰਮਜੀਤ ਸਿੰਘ, ਤਰਨਜੀਤ ਕੌਰ, ਸਨੇਹ ਲਤਾ, ਅਨੀਤ, ਬਲਜੀਤ ਕੌਰ, ਸਰਬਜੀਤ ਸਿੰਘ, ਦਵਿੰਦਰ ਸਿੰਘ, ਗੁਰਚਰਨ ਸਿੰਘ, ਹਰਵਿੰਦਰ ਸਿੰਘ, ਮਨਿੰਦਰ ਕੌਰ, ਸੁਖਜੀਤ ਸਿੰਘ, ਸੁਨੀਤਾ ਆਦਿ ਮੌਜੂਦ ਸਨ।


Related News