ਕ੍ਰਿਕਟ ਅਧਿਕਾਰੀ ਦਾ ਤਿੱਖਾ ਨਿਸ਼ਾਨਾ- ਪਿੱਚ ਦੀਆਂ ਬਾਰੀਕੀਆਂ ਨਹੀਂ ਸਮਝਦੇ ਸਚਿਨ

03/23/2018 11:33:14 AM

ਨਵੀਂ ਦਿੱਲੀ (ਬਿਊਰੋ)— ਕੇਰਲਾ ਕ੍ਰਿਕਟ ਸੰਘ (ਕੇ.ਸੀ.ਏ.) ਨੇ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਇਕ ਨਵੰਬਰ ਨੂੰ ਹੋਣ ਵਾਲੇ ਵਨਡੇ ਮੈਚ ਨੂੰ ਕੌਚੀ ਦੇ ਸਥਾਨ ਉੱਤੇ ਤ੍ਰਿਵੰਤਪੁਰਮ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਕੇਰਲ ਦੇ ਖੇਡ ਮੰਤਰੀ ਦੇ ਵਿਵਾਦ ਵਿਚ ਕੁੱਦਣ ਦੇ ਬਾਅਦ ਲਿਆ ਗਿਆ ਹੈ ਜਿਨ੍ਹਾਂ ਨੇ ਕੇ.ਸੀ.ਏ. ਵਲੋਂ ਮੈਚ ਦੀ ਜਗ੍ਹਾਂ ਨੂੰ ਤ੍ਰਿਵੰਤਪੁਰਮ ਵਿਚ ਆਯੋਜਤ ਕੀਤੇ ਜਾਣ ਨੂੰ ਕਿਹਾ ਸੀ।

ਸਚਿਨ ਨੂੰ ਪਿੱਚ ਦੀਆਂ ਬਾਰੀਕੀਆਂ ਦੀ ਸਮਝ ਨਹੀਂ
ਕੇਰਲਾ ਕ੍ਰਿਕਟ ਸੰਘ (ਕੇ.ਸੀ.ਏ.) ਦੇ ਸਕੱਤਰ ਜਏਸ਼ ਜਾਰਜ ਨੇ ਭਾਰਤੀ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ''ਮੈਨੂੰ ਨਹੀਂ ਲੱਗਦਾ ਸਚਿਨ ਨੂੰ ਪਿੱਚ ਦੀਆਂ ਬਾਰੀਕੀਆਂ ਦੀ ਸਮਝ ਹੈ ਅਤੇ ਨਾ ਹੀ ਇਸਦੀ ਜਾਣਕਾਰੀ ਮੈਨੂੰ ਹੈ। ਇਸ ਗੱਲ ਨੂੰ ਸਾਡੇ ਦੋਨਾਂ ਤੋਂ ਬਿਹਤਰ ਪਿੱਚ ਨੂੰ ਬਣਾਉਣ ਵਾਲੇ ਕਿਊਰੇਟਰ ਬਿਹਤਰ ਸਮਝ ਸਕਦੇ ਹਨ। ਉਨ੍ਹਾਂ ਨੇ ਕਿਹਾ ਸਚਿਨ ਦਾ ਚਿੰਤਤ ਹੋਣਾ ਜਾਇਜ ਹੈ ਉਹ ਕੋਚੀ ਫੁੱਟਬਾਲ ਟੀਮ ਦੇ ਸਹਿਮਾਲਕ ਹਨ ਅਤੇ ਕੌਚੀ ਉਨ੍ਹਾਂ ਦੀ ਟੀਮ ਦਾ ਹੋਮਗਰਾਉਂਡ ਹੈ, ਪਰ ਅਸੀਂ ਵੀ ਜੇ.ਐੱਨ.ਆਈ. ਸਟੇਡੀਅਮ ਵਿਚ ਅੰਤਰਰਾਸ਼ਟਰੀ ਮੈਚ ਲਈ ਨਿਵੇਸ਼ ਕੀਤਾ ਹੈ। ਜਏਸ਼ ਜਾਰਜ ਮੁਤਾਬਕ, ਰਾਜ ਕ੍ਰਿਕਟ ਸੰਘ ਨੇ ਸਰਕਾਰ ਨਾਲ ਇਕ ਐਮ.ਓ.ਯੂ. ਕਰਦੇ ਹੋਏ ਦੋਨੋਂ ਮੈਦਾਨਾਂ ਨੂੰ ਲੀਜ ਉੱਤੇ ਲਿਆ ਹੈ, ਅਤੇ ਕੇ.ਸੀ.ਏ. ਨੇ ਦੋਨਾਂ ਮੈਦਾਨਾਂ ਵਿਚ ਨਿਵੇਸ਼ ਵੀ ਕੀਤਾ ਹੈ, ਇਸ ਲਈ ਉਸਨੂੰ ਲੱਗਦਾ ਹੈ ਕਿ ਦੋਨਾਂ ਮੈਦਾਨਾਂ ਨੂੰ ਕ੍ਰਿਕਟ ਲਈ ਚੁਣਨ ਦਾ ਉਸਦਾ ਅਧਿਕਾਰ ਹੈ।

ਦੱਸ ਦਈਏ, ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਨਵੰਬਰ ਨੂੰ ਹੋਣ ਵਾਲੇ ਇਸ ਮੈਚ ਨੂੰ ਕੌਚੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਕਰਾਉਣ ਦਾ ਫੈਸਲਾ ਲਿਆ ਸੀ, ਹਾਲਾਂਕਿ ਇਹ ਮੈਦਾਨ ਫੁੱਟਬਾਲ ਦਾ ਮੈਦਾਨ ਹੈ ਅਜਿਹੇ ਵਿਚ ਇਸ ਉੱਤੇ ਵਿਵਾਦ ਹੋ ਗਿਆ ਸੀ। ਕੌਚੀ ਦਾ ਮੈਦਾਨ ਇੰਡੀਅਨ ਸੁਪਰ ਲੀਗ ਦੀ ਟੀਮ ਕੇਰਲਾ ਬਲਾਸਟਰਸ ਦਾ ਘਰੇਲੂ ਮੈਦਾਨ ਹੈ ਅਤੇ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਇਸ ਟੀਮ ਦੇ ਸਹਿਮਾਲਕ ਹਨ।


Related News