ਦੁਕਾਨ 'ਤੇ ਉਲਾਂਭਾ ਦੇਣ ਗਏ ਵਿਅਕਤੀ ਨੂੰ ਬਣਾਇਆ ਬੰਧਕ, ਕੀਤੀ ਕੁੱਟ-ਮਾਰ

03/23/2018 11:29:13 AM


ਸ੍ਰੀ ਮੁਕਤਸਰ ਸਾਹਿਬ (ਪਵਨ,ਤਰਸੇਮ ਢੁੱਡੀ) - ਸ਼ਹਿਰ ਦੀ ਘਾਹ ਮੰਡੀ ਚੌਕ 'ਚ ਸਵੇਰੇ ਕਰੀਬ 10:00 ਵਜੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਦੁਕਾਨ 'ਤੇ ਉਲਾਂਭਾ ਦੇਣ ਗਏ ਵਿਅਕਤੀ ਨੂੰ ਦੁਕਾਨਦਾਰਾਂ ਨੇ ਬੰਧਕ ਬਣਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। 
ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਵਿਪਨ ਕੁਮਾਰ ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਸਾਲੀ ਦਾ ਵਿਆਹ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਅਸ਼ੀਸ਼ ਭਾਟੀਆ ਨਾਲ ਕਰੀਬ 2 ਸਾਲ ਪਹਿਲਾਂ ਹੋਇਆ ਸੀ, ਜਿਨ੍ਹਾਂ ਦੇ ਇਕ ਬੇਟੀ ਵੀ ਹੈ। ਉਨ੍ਹਾਂ ਦੋਵਾਂ 'ਚ ਮਨ-ਮਟਾਓ ਹੋਣ ਕਾਰਨ ਬੀਤੇ ਦਿਨੀਂ ਤਲਾਕ ਹੋਇਆ ਸੀ ਪਰ ਤਲਾਕ ਹੋਣ ਤੋਂ ਬਾਅਦ ਅਸ਼ੀਸ਼ ਭਾਟੀਆ ਨੇ ਫੇਸਬੁੱਕ 'ਤੇ ਉਨ੍ਹਾਂ ਦੀ ਸਾਲੀ ਦੀ ਫੋਟੋ ਆਪਣੇ ਨਾਲ ਲਾ ਕੇ ਪੋਸਟ ਕਰ ਦਿੱਤੀ, ਜਿਸ ਕਾਰਨ ਉਸ ਦੇ ਸਹੁਰਾ ਤਰਸੇਮ ਕੱਕੜ ਨੇ ਇਸ ਗੱਲ ਨੂੰ ਉਸ ਦੇ ਨਾਲ ਸਾਂਝਾ ਕੀਤਾ। 
ਇਸ ਤੋਂ ਬਾਅਦ ਉਹ ਸਵੇਰੇ ਘਾਹ ਮੰਡੀ ਸਥਿਤ ਉਨ੍ਹਾਂ ਦੀ ਦੁਕਾਨ 'ਤੇ ਉਲਾਂਭਾ ਦੇਣ ਗਿਆ ਸੀ ਪਰ ਜਿਵੇਂ ਹੀ ਉਹ ਦੁਕਾਨ 'ਤੇ ਗਿਆ ਅਤੇ ਜਾ ਕੇ ਉਨ੍ਹਾਂ ਨਾਲ ਗੱਲ ਕਰਨ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਫੜ ਲਿਆ ਅਤੇ ਖਿੱਚ ਕੇ ਦੁਕਾਨ ਦੇ ਪਿੱਛੇ ਲੈ ਗਏ, ਜਿੱਥੇ ਉਸ ਨੂੰ ਬੰਧਕ ਬਣਾ ਕੇ ਉਸ ਦੀ ਕੁੱਟ-ਮਾਰ ਕੀਤੀ। ਇਸ ਦੌਰਾਨ ਬਾਹਰੋਂ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਮੁਲਜ਼ਮਾਂ ਤੋਂ ਛੁਡਵਾਇਆ। ਕੁੱਟਮਾਰ ਦੌਰਾਨ ਜਖਮੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ। 

ਪੱਤਰਕਾਰ ਨਾਲ ਵੀ ਕੀਤੀ ਬਦਸਲੂਕੀ
ਇਸ ਦੌਰਾਨ ਮੌਕੇ 'ਤੇ ਕਵਰੇਜ ਕਰ ਰਹੇ ਇਕ ਪੱਤਰਕਾਰ ਨੇ ਜਿਵੇਂ ਹੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਨੂੰ ਬੰਧਕ ਬਣਾਉਣ ਵਾਲੇ ਦੁਕਾਨਦਾਰ ਦੇ ਪੁੱਤਰ ਅਤੇ ਉਸ ਦੇ ਸਾਥੀ ਨੇ ਪੱਤਰਕਾਰ ਨਾਲ ਬਦਸਲੂਕੀ ਕੀਤੀ। ਉਸ ਨਾਲ ਧੱਕਾ-ਮੁੱਕੀ ਕਰਦੇ ਹੋਏ ਗਾਲੀ-ਗਲੋਚ ਕੀਤੀ। ਉੱਧਰ, ਦੁਕਾਨ ਮਾਲਕ ਅਤੇ ਲੜਕੇ ਦੇ ਪਿਤਾ ਹਰੀਸ਼ ਭਾਟੀਆ ਤੋਂ ਜਦੋਂ ਉਨ੍ਹਾਂ ਦਾ ਪੱਖ ਜਾਣਨ ਲਈ ਫੋਨ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੀ ਗੱਲ 'ਤੇ ਤਾਂ ਕਿਸੇ ਨੂੰ ਯਕੀਨ ਨਹੀਂ ਹੈ। ਤੁਸੀਂ ਦੁਕਾਨਦਾਰਾਂ ਤੋਂ ਪੁੱਛ ਲਵੋ। ਵਿਪਨ ਨੇ ਦੁਕਾਨ ਵਿਚ ਦਾਖਲ ਹੋ ਕੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਇਹ ਪੂਰੀ ਮਾਰਕੀਟ ਨੂੰ ਪਤਾ ਹੈ। ਇੱਥੋਂ ਤੱਕ ਕਿ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਇਹ ਘਟਨਾ ਕੈਦ ਹੋਵੇਗੀ। 
ਇਸ ਸਬੰਧੀ ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।


Related News