ਅਫਸਰਾਂ ਦੀਆਂ ਅਸਾਮੀਆਂ ਖਾਲੀ, ਨਿਰਾਸ਼ ਹੋ ਕੇ ਪਰਤਦੇ ਨੇ ਕੰਮ ਕਰਵਾਉਣ ਆਏ ਲੋਕ

03/23/2018 11:22:53 AM

ਤਪਾ ਮੰਡੀ (ਸ਼ਾਮ, ਗਰਗ)—ਸਵਾ 11 ਸਾਲ ਪਹਿਲਾਂ ਹੋਂਦ 'ਚ ਆਈ ਸਬ-ਡਵੀਜ਼ਨ ਅਜਕੱਲ ਵਾਧੂ ਚਾਰਜਾਂ ਵਾਲੀ ਸਬ-ਡਵੀਜ਼ਨ ਬਣ ਕੇ ਰਹਿ ਗਈ ਹੈ, ਜਿਥੇ ਸਭ ਤੋਂ ਵੱਧ ਲੋੜੀਂਦੇ ਅਫ਼ਸਰ ਮੌਜੂਦ ਹੀ ਨਹੀਂ ਹਨ। 
ਤਹਿਸੀਲ ਕੰਪਲੈਕਸ ਤੋਂ ਗੱਲ ਸ਼ੁਰੂ ਕਰੀਏ ਤਾਂ ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਦਾ ਵਾਧੂ ਚਾਰਜ ਐੱਸ. ਡੀ. ਐੱਮ. ਬਰਨਾਲਾ ਅਤੇ ਤਹਿਸੀਲਦਾਰ ਬਰਨਾਲਾ ਨੂੰ ਦਿੱਤਾ ਹੋਇਆ ਹੈ। ਜੋ ਹਫਤੇ ਦੇ ਸਿਰਫ ਦੋ ਦਿਨ ਹੀ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨਾਲ ਸਬੰਧਤ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇਸੇ ਮੰਡੀ 'ਚ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ 'ਚ ਪਿੰ੍ਰਸੀਪਲ ਨਹੀਂ ਹੈ। ਇਸ ਤੋਂ ਇਲਾਵਾ ਪਨਸਪ ਅਤੇ ਐਗਰੋ ਦਾ ਦਫ਼ਤਰ ਵੀ ਸ਼ਹਿਰ ਤੋਂ ਬਹੁਤ ਦੂਰ ਹੈ। ਬਲਾਕ ਖੇਤੀ ਅਫ਼ਸਰ ਮੌਜੂਦ ਨਾ ਹੋਣ ਕਾਰਨ ਖੇਤੀ ਨਾਲ ਸਬੰਧਤ ਮੁਸ਼ਕਲਾਂ ਸਬੰਧੀ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੜਕੀਆਂ ਦੇ ਸਕੂਲ 'ਚ ਮੁੱਖ ਅਧਿਆਪਕਾ ਦੀ ਅਸਾਮੀ ਕਈ ਸਾਲਾਂ ਤੋਂ ਖਾਲੀ ਹੋਣ ਕਾਰਨ ਸੀਨੀਅਰ ਅਧਿਆਪਕਾਂ ਨੂੰ ਪਾਵਰਾਂ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਬੀ. ਡੀ. ਪੀ. ਓ. ਦਫਤਰ, ਬੀ. ਈ. ਓ. ਦਫਤਰ, ਸੀ. ਡੀ. ਪੀ. ਓ. ਦਫਤਰ ਵੀ ਸ਼ਹਿਣਾ ਵਿਖੇ ਸਥਿਤ ਹਨ, ਜਿਸ ਕਾਰਨ ਲੋਕਾਂ ਨੂੰ ਖਰਚਾ ਕਰ ਕੇ ਖੱਜਲ-ਖੁਆਰ ਹੋਣਾ ਪੈਂਦਾ ਹੈ। ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਗਿਣਤੀ ਵੀ ਪੂਰੀ ਨਹੀਂ ਹੈ, ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਉਥੇ ਦੀ ਉਥੇ ਹੀ ਖੜ੍ਹੀ ਹੈ। ਸਬ-ਡਵੀਜ਼ਨ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਆਏ ਦਿਨ ਰਾਹਗੀਰ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ। ਸਾਬਕਾ ਬਾਦਲ ਸਰਕਾਰ ਵੱਲੋਂ ਕਰੋੜਾਂ ਰੁਪਏ ਲਾ ਕੇ ਬਣਾਇਆ ਗਿਆ ਬੱਸ ਸਟੈਂਡ ਵੀ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਕੁੱਲ ਮਿਲਾ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਇਸ ਸਬ-ਡਵੀਜ਼ਨ ਦੀ ਹਾਲਤ ਪੱਛੜੇ ਕਸਬੇ ਤੋਂ ਵੀ ਬਦਤਰ ਹੋ ਚੁੱਕੀ ਹੈ।
ਸਿਟੀ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਅਤੇ ਚੇਅਰਮੈਨ ਮੰਗਲ ਦਾਸ ਗਰਗ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਸਬ-ਡਵੀਜ਼ਨ ਪੱਧਰ 'ਤੇ ਅਧਿਕਾਰੀਆਂ ਦੀ ਪੱਕੇ ਤੌਰ 'ਤੇ ਡਿਊਟੀ ਲਾਈ ਜਾਵੇ ਤਾਂ ਜੋ ਪੰਜ ਦਰਜਨ ਦੇ ਕਰੀਬ ਕੰਮਕਾਜ਼ਾਂ ਲਈ ਆਉਂਦੇ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।


Related News