ਵਿੱਤ ਮੰਤਰੀ ਦਾ ਵਿਧਾਨ ਸਭਾ ਹਲਕਾ ਧਰਨਿਆਂ ਤੇ ਅੰਦੋਲਨ ''ਚ ਤਬਦੀਲ

03/23/2018 11:05:23 AM

ਬਠਿੰਡਾ (ਆਜ਼ਾਦ)-ਪੰਜਾਬ 'ਚ ਕਾਂਗਰਸ ਸਰਕਾਰ ਬਣੀ ਨੂੰ ਇਕ ਸਾਲ ਹੀ ਹੋਇਆ ਹੈ ਤੇ ਪਹਿਲੇ ਸਾਲ ਵਿਚ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕਿਸਮਤ ਜਗਾਉਣ ਵਾਲਾ ਵਿਧਾਨ ਸਭਾ ਖੇਤਰ ਬਠਿੰਡਾ ਧਰਨਿਆਂ ਤੇ ਅੰਦੋਲਨ ਵਿਚ ਤਬਦੀਲ ਹੋ ਚੁੱਕਾ ਹੈ। ਇਕ ਸਾਲ ਦੌਰਾਨ 140 ਤੋਂ ਜ਼ਿਆਦਾ ਪੁਤਲੇ ਵੀਂ ਫੂਕੇ ਜਾ ਚੁੱਕੇ ਹਨ, ਜਿਸ ਪਿੱਛੇ ਸਭ ਤੋਂ ਵੱਡਾ ਕਾਰਨ ਥਰਮਲ ਪਲਾਂਟ ਦਾ ਬੰਦ ਹੋਣਾ ਹੈ। ਇਕ ਜਨਵਰੀ ਤੋਂ ਪੰਜਾਬ ਸਰਕਾਰ ਨੇ ਪੂਰਨ ਤੌਰ 'ਤੇ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਲਿਆ ਗਿਆ, ਉਦੋਂ ਤੋਂ ਹੀ ਧਰਨਿਆਂ-ਪ੍ਰਦਰਸ਼ਨ ਵਿਚ ਤੇਜ਼ੀ ਆਈ ਅਤੇ ਇਥੋਂ ਤੱਕ ਕੇ ਉਨ੍ਹਾਂ ਦੇ ਇਕ ਦਿਨ ਵਿਚ 3-3 ਪੁਤਲੇ ਵੀ ਫੂਕੇ ਜਾ ਚੁੱਕੇ ਹਨ। ਅਜਿਹੇ ਵਿਚ ਮਨਪ੍ਰੀਤ ਸਿੰਘ ਬਾਦਲ ਦੇ ਰਾਜਨੀਤਕ ਸਫਰ ਨੂੰ ਠੇਸ ਲੱਗੀ ਅਤੇ ਕਾਂਗਰਸ ਨਾਲ ਸ਼ਹਿਰ ਵਾਸੀ ਕੋਮਾ ਜਿਹੀ ਸਥਿਤੀ ਵਿਚ ਆ ਗਏ। ਕਾਂਗਰਸ ਦਾ ਨੁਕਸਾਨ ਵੀ ਹੋਇਆ ਪਰੰਤੂ ਇਸਨੂੰ ਕੰਟਰੋਲ ਕਰਨ ਲਈ ਮਨਪ੍ਰੀਤ ਸਿੰਘ ਬਾਦਲ ਦਾ ਪੂਰਾ ਪਰਿਵਾਰ ਜ਼ੋਰ ਲਾ ਰਿਹਾ ਹੈ।
  ਬਠਿੰਡਾ ਸ਼ਹਿਰੀ ਵਿਧਾਨ ਸਭਾ ਤੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਰਮ ਸਥਲ ਦੇ ਅੰਤਰਗਤ ਆਉਂਦਾ ਹੈ। ਜ਼ਿਕਰਯੋਗ ਹੈ ਕਿ ਚੋਣ ਜਿੱਤਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ਬਾਦਲ ਨੂੰ ਵਿੱਤ ਮੰਤਰੀ ਘੋਸ਼ਿਤ ਕਰ ਦਿੱਤਾ ਸੀ। ਕੈਪਟਨ ਚੋਣ ਦੌਰਾਨ ਬਠਿੰਡਾ ਵਿਚ ਕਿਤੇ ਵੀ ਰੈਲੀ ਕਰਦੇ ਤਾਂ ਇਸ ਗੱਲ ਦਾ ਜ਼ਰੂਰ ਜ਼ਿਕਰ ਕਰਦੇ। ਬਤੌਰ ਵਿੱਤ ਮੰਤਰੀ ਬਠਿੰਡਾ ਦੇ ਨਹੀਂ ਪੂਰੇ ਪੰਜਾਬ ਨੂੰ ਆਰਥਿਕ ਸੰਕਟ ਤੋਂ ਉਭਾਰੇਗਾ। ਬਠਿੰਡਾ ਵਾਸੀਆਂ ਨੇ ਵੀ ਮਨਪ੍ਰੀਤ ਨੂੰ ਇਸ 'ਤੇ ਵੋਟ ਦਿੱਤਾ ਸੀ ਕਿ ਜੇਕਰ ਵਿੱਤ ਮੰਤਰੀ ਬਣ ਜਾਣਗੇ ਤਾਂ ਬਠਿੰਡਾ ਦੇ ਲੋਕਾਂ ਦਾ ਆਰਥਿਕ ਸਮੱਸਿਆਵਾਂ ਦਾ ਕੋਈ ਸਥਾਈ ਹੱਲ ਕੱਢਣਗੇ। ਲੋਕਾਂ ਨੇ ਮਨਪ੍ਰੀਤ ਦੇ ਅਕਸ਼ ਕਾਰਨ ਹੀ ਕੈਪਟਨ ਦੀਆਂ ਗੱਲਾਂ 'ਤੇ ਭਰੋਸਾ ਕੀਤਾ ਅਤੇ ਮਨਪ੍ਰੀਤ ਬਾਦਲ ਭਾਰੀ ਵੋਟਾਂ ਨਾਲ ਜੇਤੂ ਰਹੇ। ਉਸਤੋਂ ਬਾਅਦ ਕੈਪਟਨ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਵੀ ਬਣੀ ਪਰ ਬਠਿੰਡਾ ਦੀ ਆਰਥਿਕ ਸਮਾਜਿਕ ਸਮੱਸਿਆ ਜਿਉ ਦੀ ਤਿਉ ਜਾਰੀ ਰਹੀ ਅਤੇ ਕੁਝ ਮਹੀਨਿਆਂ ਬਾਅਦ ਤਕ ਲੋਕਾਂ ਦੀਆਂ ਆਸਾਂ ਦੀ ਡੋਰ ਹੌਲੀ-ਹੌਲੀ ਕਰ ਕੇ ਟੁੱਟਦੀ ਗਈ। ਇਥੋਂ ਦੇ ਕਿਸਾਨਾਂ, ਮਜ਼ਦੂਰਾਂ, ਕਰਮਚਾਰੀਆਂ ਨੂੰ ਸੜਕਾਂ 'ਤੇ ਉਤਰਨਾ ਪਿਆ ਜਿਵੇਂ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਹੁੰਦਾ ਸੀ। ਇਥੋਂ ਤੱਕ ਕਿ ਲੋਕਾਂ ਨੂੰ ਵਿੱਤ ਮੰਤਰੀ ਤੋਂ ਨਿਰਾਸ਼ਾ ਹੀ ਹੱਥ ਲਗੀ। ਹੱਦ ਤਾਂ ਉਦੋਂ ਹੋਈ ਜਦੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ। ਇਸ ਪਲਾਂਟ ਦੇ ਕਰਮਚਾਰੀ ਅਜੇ ਵੀ ਧਰਨੇ 'ਤੇ ਬੈਠੇ ਹੋਏ ਹਨ। ਕਿਸਾਨੀ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਕਰਜ਼ ਮਾਫੀ ਦੇ ਨਾਂ 'ਤੇ ਰਾਜਨੀਤਕ ਰੋਟੀਆਂ ਸੇਕਣ ਤੋਂ ਇਲਾਵਾ ਕੁਝ ਨਹੀ ਕੀਤਾ। ਕਿਸਾਨ ਤੇ ਮਜ਼ਦੂਰ ਆਏ ਦਿਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਗਏ ਹਨ। ਆਂਗਣਵਾੜੀ ਮੁਲਾਜ਼ਮਾਂ ਸੜਕਾਂ 'ਤੇ ਹੀ ਰਹਿੰਦੀਆਂ ਹਨ ਤੇ ਵਿੱਤ ਮੰਤਰੀ ਦਾ ਪੁਤਲਾ ਫੂਕਦੀਆਂ ਰਹਿੰਦੀਆਂ ਹਨ। ਇਨ੍ਹਾਂ ਹੀ ਨਹੀਂ ਨੌਕਰੀਆਂ ਦੇ ਨਾਂ 'ਤੇ ਨਾਟਕ ਕੀਤਾ ਜਾਣ ਲਗਾ। ਇਸ ਲਈ ਨੌਜਵਾਨ ਜਾਬ ਫੇਅਰ ਪ੍ਰਤੀ ਆਕਰਸ਼ਿਤ ਨਹੀਂ ਹੋਏ। ਬਠਿੰਡਾ ਵਾਸੀਆਂ ਵਿਚ ਰੋਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਇਕ ਸਾਲ ਦੇ ਅੰਦਰ 140 ਪੁਤਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਫੂਕੇ ਜਾ ਚੁੱਕੇ ਹਨ ਅਤੇ ਅਣਗਿਣਤ ਧਰਨਾਕਾਰੀ ਪ੍ਰਦਰਸ਼ਨ ਤੇ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਵੀ ਕਰ ਚੁੱਕੇ ਹਨ।

ਵਿਰੋਧੀ ਚੋਣ ਹਾਰਨ ਤੋਂ ਬਾਅਦ ਸਦਮੇ 'ਚ, ਕੀਤਾ ਮੌਨ ਧਾਰਨ
-ਸੂਬੇ ਵਿਚ ਵਿਰੋਧੀ ਪਾਰਟੀ ਦਾ ਦਰਜਾ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਜਿਸ ਨੂੰ ਪਾਰਟੀ ਦੇ ਨਾਂ ਨਾਲ ਵੀ ਜਾਣਦੇ ਹਨ। ਇਸ ਪਾਰਟੀ ਦਾ ਰਿਕਾਰਡ ਹੈ ਕਿ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਲਈ ਧਰਨਾ ਲਾਉਣ ਵਿਚ ਅੱਗੇ ਰਹਿੰਦੀ ਹੈ। ਪਰ ਇਹ ਪਾਰਟੀ ਵੀ ਵਿਰੋਧੀਆਂ ਦੀ ਭੂਮਿਕਾ ਦਾ ਸਹੀ ਢੰਗ ਨਾਲ ਨਹੀਂ ਨਿਭਾ ਰਹੀ ਹੈ। ਕੈਪਟਨ ਦੇ ਕਿਸੇ ਵੀ ਨੀਤੀ ਨੂੰ ਲੈ ਕੇ ਖੁੱਲ੍ਹ ਕੇ ਬੋਲਣ ਤੋਂ ਕਤਰਾ ਰਹੀ ਹੈ। ਵਿਧਾਨ ਸਭਾ ਵਿਚ ਵੀ ਕਦੀ ਪੁਰਜ਼ੋਰ ਤਰੀਕੇ ਨਾਲ ਕਾਂਗਰਸ ਦੇ ਨੀਤੀਆਂ ਦਾ ਵਿਰੋਧ ਨਹੀਂ ਕਰ ਸਕੀ ਹੈ ਇਸ ਪਾਰਟੀ ਦੀ ਭੂਮਿਕਾ ਨੂੰ ਧਿਆਨ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਜਿਆਦਾਤਰ ਮੁੱਦੇ 'ਤੇ ਵਿਰੋਧੀ ਧਿਰ ਚੁੱਪੀ ਧਾਰੀ ਬੈਠੇ ਹਨ। 
ਦੂਜੀ ਪਾਰਟੀ ਅਕਾਲੀ-ਭਾਜਪਾ ਪਾਰਟੀ ਦੇ ਕੰਮਕਾਰ ਵੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਇੰਨੇ ਸਾਲਾਂ ਵਿਚ ਸੱਤਾ ਦਾ ਸੁਖ ਭੋਗਣ ਦੇ ਬਾਵਜੂਦ  ਕਾਂਗਰਸ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਤੋਂ ਬਚਦੀ ਦਿਖਾਈ ਦੇ ਰਹੀ ਹੈ। ਪਰ ਲੋਕਤੰਤਰ ਵਿਚ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਆਮ ਲੋਕਾਂ ਦੇ ਆਵਾਜ਼ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਹੁੰਦੀ ਹੈ।  ਜਿਸ ਕਾਰਨ ਕਾਂਗਰਸ ਸਰਕਾਰ ਨੇ ਇਕ ਸਾਲ ਆਰਾਮ ਨਾਲ ਕੱਢ ਦਿੱਤਾ। ਵਿਰੋਧੀ ਧਿਰ ਦੀ ਚੁੱਪੀ ਕਾਰਨ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਕੋਈ ਸਦਮਾ ਲੱਗਿਆ ਹੋਇਆ ਹੈ, ਜਿਸ ਕਾਰਨ ਉਹ ਅਜੇ ਤੱਕ ਉਭਰ ਨਹੀਂ ਸਕੀ ਹੈ।

ਕਿਸਾਨ, ਮਜ਼ਦੂਰ, ਆਂਗਣਵਾੜੀ ਕਰਮਚਾਰੀ ਨਿਭਾ ਰਹੇ ਹਨ ਵਿਰੋਧੀ ਦੀ ਭੂਮਿਕਾ
-ਸ਼ਹਿਰ ਵਿਚ ਕਿਸਾਨ, ਮਜ਼ਦੂਰ, ਕਰਮਚਾਰੀ, ਆਂਗਣਵਾੜੀ ਮੁਲਾਜ਼ਮਾਂ ਦੇ ਧਰਨਿਆਂ ਪ੍ਰਦਰਸ਼ਨਾਂ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਇਹ ਖੁਦ ਵਿਰੋਧੀ ਧਿਰ ਦੀ ਭੂਮਿਕਾ ਵਿਚ ਆ ਗਏ ਹਨ। ਪੂਰੇ ਸੂਬੇ ਵਿਚ ਇਹੀਂ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਹਨ। ਆਪਣੀਆਂ ਮੰਗਾਂ ਸਬੰਧੀ ਕਦੀ ਸੜਕ ਜਾਮ ਕਰ ਰਹੇ ਹਨ ਤੇ ਕਦੀ ਧਰਨਾ ਪ੍ਰਦਰਸ਼ਨ ਤੇ ਕਦੀ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਕਰਦੇ ਹਨ। ਵਿਰੋਧੀ ਧਿਰ 'ਚ ਬੈਠੀਆਂ ਰਾਜਨੀਤਕ ਪਾਰਟੀਆਂ ਨੂੰ ਸ਼ਾਇਦ ਸਰਕਾਰ ਨਾਲ ਹਮਦਰਦੀ ਹੈ ਇਸ ਲਈ ਉਨ੍ਹਾਂ ਨੇ ਕਦੀ ਵੀ ਕੈਪਟਨ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਨਹੀਂ ਕੀਤਾ। ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਨਸ਼ੇ ਤੇ ਦੂਜੀਆਂ ਪਾਰਟੀਆਂ ਨੂੰ ਲੈ ਕੇ ਖੂਬ ਸ਼ੋਰ ਮਚਾ ਰਹੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਉਹ ਚੁੱਪ ਧਾਰ ਗਈ। ਇਹੀ ਹਾਲ ਅਕਾਲੀ-ਭਾਜਪਾ ਗਠਬੰਧਨ ਦਾ ਵੀਂ ਹੈ ਜਦਕਿ ਪੰਜਾਬ ਸਰਕਾਰ ਤੋਂ ਖਫਾ ਸੰਗਠਨ ਸਰਕਾਰ ਦਾ ਵਿਰੋਧ ਕਰ ਕੇ ਵਿਰੋਧੀ ਭੂਮਿਕਾ ਨਿਭਾ ਰਹੀ ਹੈ। ਇਨ੍ਹਾਂ ਅੰਦੋਲਨਕਾਰ ਸੰਗਠਨਾਂ ਨੂੰ ਕਿਸੀ ਵੀਂ ਰਾਜਨੀਤਕ ਪਾਰਟੀ ਨੇ ਸਮਰਥਨ ਵੀ ਨਹੀਂ ਦਿੱਤਾ।  


Related News