ਇਨ੍ਹਾਂ ਬਚਤ ਸਕੀਮਾਂ ''ਤੇ ਵਧ ਸਕਦੈ ਵਿਆਜ, ਮਿਲੇਗੀ ਖੁਸ਼ਖਬਰੀ!

03/23/2018 10:54:54 AM

ਨਵੀਂ ਦਿੱਲੀ— ਪਿਛਲੇ 9 ਮਹੀਨਿਆਂ ਤੋਂ ਸਰਕਾਰੀ ਬਾਂਡ ਯੀਲਡ 'ਚ ਲਗਾਤਾਰ ਵਾਧੇ ਕਾਰਨ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਅਗਲੀ ਤਿਮਾਹੀ 'ਚ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ 'ਚ ਵਾਧਾ ਹੋ ਸਕਦਾ ਹੈ। 1 ਜਨਵਰੀ ਦੇ ਬਾਅਦ 10 ਸਾਲ ਦੇ ਸਰਕਾਰੀ ਬਾਂਡ ਦੀ ਔਸਤ ਯੀਲਡ 7.5 ਫੀਸਦੀ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਪਬਲਿਕ ਪ੍ਰਾਵੀਡੈਂਟ ਫੰਡ (ਪੀ. ਪੀ. ਐੱਫ.) ਅਤੇ ਹੋਰ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ 'ਚ 0.15-0.20 ਫੀਸਦੀ ਦਾ ਵਾਧਾ ਹੋ ਸਕਦਾ ਹੈ। ਗੋਪੀਨਾਥ ਕਮੇਟੀ ਦੇ ਫਾਰਮੂਲੇ ਮੁਤਾਬਕ, 1 ਅਪ੍ਰੈਲ ਤੋਂ ਪੀ. ਪੀ. ਐੱਫ. ਦਾ ਵਿਆਜ 0.25 ਫੀਸਦੀ ਵਧਾ ਕੇ 7.75 ਫੀਸਦੀ ਕੀਤਾ ਜਾ ਸਕਦਾ ਹੈ। ਸੀਨੀਅਰ ਸਿਟੀਜਨਸ ਬਚਤ ਸਕੀਮ 'ਤੇ ਵੀ ਵਿਆਜ ਦਰ 0.20 ਫੀਸਦੀ ਵਧ ਕੇ 8.5 ਫੀਸਦੀ ਹੋ ਸਕਦੀ ਹੈ। ਇਸ ਸਕੀਮ ਦੀ ਵਿਆਜ ਦਰ 'ਚ ਦਸੰਬਰ ਤਿਮਾਹੀ 'ਚ ਕਟੌਤੀ ਨਹੀਂ ਹੋਈ ਸੀ, ਜਦੋਂ ਕਿ ਦੂਜੀਆਂ ਛੋਟੀਆਂ ਬਚਤ ਸਕੀਮਾਂ 'ਤੇ ਰਿਟਰਨ ਘਟਾਇਆ ਗਿਆ ਸੀ। 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ 'ਚ ਸੁਕੰਨਿਆ ਸਮਰਿਧੀ ਯੋਜਨਾ 'ਤੇ ਦਿੱਤਾ ਜਾਣਾ ਵਾਲਾ ਵਿਆਜ 0.15 ਫੀਸਦੀ ਵਧਾ ਕੇ 8.25 ਫੀਸਦੀ ਕੀਤਾ ਜਾ ਸਕਦਾ ਹੈ।

ਗੋਪੀਨਾਥ ਕਮੇਟੀ ਨੇ 2011 'ਚ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਨੂੰ ਸਰਕਾਰੀ ਬਾਂਡ ਯੀਲਡ ਨਾਲ ਜੋੜਨ ਦਾ ਸੁਝਾਅ ਦਿੱਤਾ ਸੀ। ਕਮੇਟੀ ਨੇ ਕਿਹਾ ਸੀ ਕਿ ਉਸੇ ਤਰ੍ਹਾਂ ਦੀ ਮਿਆਦ ਵਾਲੀਆਂ ਸਕੀਮਾਂ ਦੀ  ਵਿਆਜ ਦਰ ਨੂੰ ਬਾਂਡ ਯੀਲਡ ਦੇ ਮੁਕਾਬਲੇ 0.25-1 ਫੀਸਦੀ ਤਕ ਜ਼ਿਆਦਾ ਹੋਣਾ ਚਾਹੀਦਾ ਹੈ। ਕਮੇਟੀ ਨੇ ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ 'ਚ ਹਰ ਦੋ ਸਾਲ 'ਚ ਬਦਲਾਅ ਦਾ ਸੁਝਾਅ ਦਿੱਤਾ ਸੀ ਪਰ ਸਰਕਾਰ ਨੇ ਹਰ ਤਿਮਾਹੀ ਬਦਲਾਅ ਕਰਨ ਦਾ ਫੈਸਲਾ ਕੀਤਾ।
ਮਾਹਰਾਂ ਦਾ ਕਹਿਣਾ ਹੈ ਕਿ ਗੋਪੀਨਾਥ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਪੂਰੀ ਤਰ੍ਹਾਂ ਅਮਲ ਨਹੀਂ ਹੋ ਰਿਹਾ ਹੈ। ਦਸੰਬਰ 2017 ਤਿਮਾਹੀ 'ਚ ਛੋਟੀਆਂ ਬਚਤ ਸਕੀਮਾਂ ਦੇ ਵਿਆਜ 'ਚ 0.20 ਫੀਸਦੀ ਦੀ ਕਟੌਤੀ ਕੀਤੀ ਗਈ ਸੀ, ਜਦੋਂ ਕਿ ਉਸ ਤਿਮਾਹੀ 'ਚ 10 ਸਾਲ ਦੇ ਸਰਕਾਰੀ ਬਾਂਡ ਯੀਲਡ ਦਾ ਔਸਤ ਇਸ ਤੋਂ ਪਿਛਲੀ ਤਿਮਾਹੀ ਤੋਂ 0.45 ਫੀਸਦੀ ਜ਼ਿਆਦਾ ਸੀ। ਦਸੰਬਰ ਤਿਮਾਹੀ 'ਚ ਪੀ. ਪੀ. ਐੱਫ. ਵਿਆਜ 7.8 ਫੀਸਦੀ ਸੀ, ਜਦੋਂ ਕਿ 10 ਸਾਲ ਦੀ ਬਾਂਡ ਯੀਲਡ ਦਾ ਔਸਤ ਪਿਛਲੇ ਤਿੰਨ ਮਹੀਨਿਆਂ 'ਚ 6.52 ਫੀਸਦੀ ਰਿਹਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰੀ ਬਾਂਡ ਯੀਲਡ 'ਚ ਹੋਰ ਵਾਧਾ ਹੋ ਸਕਦਾ ਹੈ।


Related News