ਸਾਵਧਾਨ! ਖੂਨ ''ਚ ਵੀ ਪਲਾਸਟਿਕ ਫਾਈਬਰ

03/23/2018 10:38:32 AM

ਜਲੰਧਰ : ਨਿਊਯਾਰਕ ਦੀ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਿਛਲੇ ਦਿਨੀਂ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਦਿੱਲੀ, ਚੇਨਈ, ਮੁੰਬਈ ਸਮੇਤ ਦੁਨੀਆ ਦੇ 19 ਸ਼ਹਿਰਾਂ ਤੋਂ ਬੋਤਲਬੰਦ ਪਾਣੀ ਵਿਚ ਪਲਾਸਟਿਕ  ਪਾਰਟਸ ਪਾਏ ਗਏ ਹਨ। ਰਿਪੋਰਟ ਮੁਤਾਬਕ ਭਾਰਤ, ਚੀਨ, ਅਮਰੀਕਾ, ਬ੍ਰਾਜ਼ੀਲ, ਇੰਡੋਨੇਸ਼ੀਆ, ਕੀਨੀਆ, ਲੈਬਨਾਨ, ਮੈਕਸੀਕੋ ਅਤੇ ਥਾਈਲੈਂਡ ਦੇ ਬੋਤਲਬੰਦ ਪਾਣੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਹ ਤਾਂ ਗੱਲ ਬੋਤਲਬੰਦ ਪਾਣੀ ਦੀ ਹੈ, ਜੇਕਰ ਯੂ. ਐੱਸ. ਦੀ ਡਾਟਾ ਪੱਤਰਕਾਰਤਾ ਆਊਟਲੇਟ ਓਰਬ ਵੱਲੋਂ ਗਠਿਤ ਕਮਿਸ਼ਨ ਦੇ ਅਧਿਐਨ 'ਤੇ ਨਜ਼ਰ ਪਾਈ ਜਾਵੇ ਤਾਂ ਦੁਨੀਆ ਵਿਚ ਕਿਤੇ ਵੀ ਪਾਣੀ ਲੈ ਲਓ, ਉਸ ਵਿਚ ਪਲਾਸਟਿਕ ਫਾਈਬਰ ਪਾਏ ਜਾਂਦੇ ਹਨ। ਭਾਵੇਂ ਇਹ ਬੋਤਲਬੰਦ ਪਾਣੀ ਹੋਵੇ ਜਾਂ ਫਿਰ ਆਮ ਟੂਟੀਆਂ ਤੋਂ ਲਿਆ ਗਿਆ ਪਾਣੀ। ਰਸਾਲੇ ਵਿਚ ਇਹ ਗੱਲ 5 ਮਹਾਦੀਪਾਂ ਵਿਚ ਟੂਟੀਆਂ ਲਈ ਪਾਣੀ ਨਮੂਨਿਆਂ ਦੇ ਅਧਿਐਨ ਦੇ ਆਧਾਰ 'ਤੇ ਕਹੀ ਹੈ। ਰਿਪੋਰਟ ਮੁਤਾਬਕ 83 ਫੀਸਦੀ ਟੂਟੀਆਂ ਵਿਚ ਪਾਣੀ ਵਿਚ ਪਲਾਸਟਿਕ ਫਾਈਬਰ ਹੈ। ਇਹੋ ਨਹੀਂ, ਅਮਰੀਕਾ ਵਿਚ ਹੋਏ ਇਕ ਅਧਿਐਨ ਮੁਤਾਬਕ 93 ਫੀਸਦੀ ਲੋਕਾਂ ਦੇ ਖੂਨ ਵਿਚ ਪਲਾਸਟਿਕ ਦੇ ਕਣ ਪਾਏ ਗਏ ਹਨ। ਅਜਿਹਾ ਪਿਸ਼ਾਬ ਵਿਚ ਥੈਲੇਟਸ ਰਸਾਇਣ ਦੇ ਪਾਏ ਜਾਣ ਨਾਲ ਪ੍ਰਤੀਤ ਹੁੰਦਾ ਹੈ। ਉਥੇ ਡੀ. ਐੱਮ. ਸੀ. ਦੇ ਡਾ. ਰਾਮੇਸ਼ ਥਿੰਦ ਜੋ ਕਿ ਪੰਜਾਬ ਸਰਕਾਰ ਦੇ ਨੋਡਲ ਅਫਸਰ ਵੀ ਹਨ, ਦੀ ਮੰਨੀਏ ਤਾਂ ਪੰਜਾਬ ਵਿਚ 95 ਫੀਸਦੀ ਪਾਣੀ ਪੀਣ ਲਾਇਕ ਹੀ ਨਹੀਂ ਹੈ।
ਭਾਭਾ ਐਟਾਮਿਕ ਰਿਸਰਚ ਸੈਂਟਰ 3 ਸਾਲ ਪਹਿਲਾਂ ਹੀ ਚੌਕਸ ਕਰ ਚੁੱਕਾ ਹੈ
ਸਾਲ 2015 ਵਿਚ ਭਾਭਾ ਐਟਾਮਿਕ ਰਿਸਰਚ ਸੈਂਟਰ ਨੇ ਬੋਤਲ ਬੰਦ ਪਾਣੀ 'ਤੇ ਇਕ ਖੋਜ ਕੀਤੀ ਸੀ। ਇਸ ਵਿਚ ਟੈਸਟ ਕੀਤੇ ਗਏ ਪਾਣੀ ਵਿਚ 27 ਫੀਸਦੀ ਬ੍ਰੋਮੋਟ ਨੰ ਦੇ ਰਸਾਇਣ ਦੀ ਮਾਤਰਾ ਤੈਅ ਮਾਪਦੰਡਾਂ ਤੋਂ ਵੱਧ ਪਾਈ ਗਈ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਪਾਣੀ ਵਿਚ ਬ੍ਰੋਮੇਟ ਦੀ ਵੱਧ ਮਾਤਰਾ ਜ਼ਹਿਰ ਵਾਂਗ ਕੰਮ ਕਰਦੀ ਹੈ। 
ਇਸ ਤੋਂ ਇਲਾਵਾ ਬੋਤਲ ਬੰਦ ਪਾਣੀ ਵਿਚ ਕਲੋਰਾਈਟ ਅਤੇ ਕਲੋਰੇਟ ਨਾਂ ਦੇ ਨੁਕਸਾਨਦੇਹ ਕੈਮੀਕਲ ਦੀ ਮੌਜੂਦਗੀ ਵੀ ਪਾਈ ਗਈ ਸੀ। ਚਿੰਤਾ ਦੀ ਗੱਲ ਇਹ ਹੈ ਹੁਣ ਤੱਕ ਭਾਰਤ ਵਿਚ ਅਜਿਹਾ ਕੋਈ ਕਾਨੂੰਨ ਜਾਂ ਸਿਸਟਮ ਨਹੀਂ ਹੈ ਜੋ ਬੋਤਲ ਬੰਦ ਪਾਣੀ ਵਿਚ ਨੁਕਸਾਨਦੇਹ ਕੈਮੀਕਲ ਦੀ ਵੱਧ ਮਾਤਰਾ ਤੈਅ ਕਰ ਸਕੇ। ਕੁਲ ਮਿਲਾ ਕੇ ਕਿਹਾ ਜਾਵੇ ਤਾਂ ਦੇਸ਼ ਵਿਚ 100 ਫੀਸਦੀ ਸ਼ੁੱਧ ਪਾਣੀ ਦੀ ਖੋਜ ਸਾਡੇ ਸਿਸਟਮ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਜਲ ਪ੍ਰਦੂਸ਼ਣ ਨਾਲ ਨਜਿੱਠਣ ਦਾ ਇਕ ਮਦਦਗਾਰ ਉਪਾਅ
ਲਖਨਊ ਸਥਿਤ ਭਾਰਤੀ ਵਿਸ਼ਵ ਵਿਗਿਆਨ ਖੋਜ ਸੰਸਥਾਨ ਦੇ ਖੋਜਕਾਰਾਂ ਨੇ ਪਲਾਸਟਿਕ ਕਚਰੇ ਨਾਲ ਚੁੰਬਕੀ ਰੂਪ ਨਾਲ ਸੰਵੇਦਨਸ਼ੀਲ ਅਜਿਹੀ ਸਮੱਗਰੀ ਤਿਆਰ ਕੀਤੀ ਹੈ, ਜਿਸਦੀ ਵਰਤੋਂ ਪਾਣੀ ਤੋਂ ਸੀਫੈਲੇਕਸੀਨ ਨਾਂ ਦੇ ਜੈਵ ਪ੍ਰਤੀਰੋਧਕ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਹਟਾਉਣ ਵਿਚ ਹੋ ਸਕਦੀ ਹੈ। ਵਿਗਿਆਨੀਆਂ ਨੇ ਪਾਲੀਐਥਲੀਨ ਟੇਰੇਫਥੈਲੇਟ (ਪੀ. ਈ. ਟੀ.) ਦੇ ਕਚਰੇ ਨੂੰ ਅਜਿਹੀ ਉਪਯੋਗੀ ਸਮੱਗਰੀ ਵਿਚ ਬਦਲਣ ਦੀ ਰਣਨੀਤੀ ਤਿਆਰ ਕੀਤੀ ਹੈ ਜੋ ਪਾਣੀ ਵਿਚ ਜੈਵ ਪ੍ਰਤੀਰੋਧੀ ਤੱਤਾਂ ਦੇ ਵੱਧਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਤਕਨੀਕ ਨਾਲ ਪਲਾਸਟਿਕ ਰਹਿੰਦ-ਖੂੰਹਦ ਦਾ ਨਿਪਟਾਰਾ ਹੋਣ ਦੇ ਨਾਲ-ਨਾਲ ਜਲ ਪ੍ਰਦੂਸ਼ਣ ਨੂੰ ਵੀ ਦੂਰ ਕੀਤਾ ਜਾ ਸਕੇਗਾ।
ਖੋਜਕਾਰਾਂ 'ਚ ਸ਼ਾਮਲ ਡਾ. ਪ੍ਰੇਮਾਂਜਲੀ ਰਾਏ ਨੇ ਇੰਡੀਆ ਸਾਇੰਸ ਵਾਇਰ ਨੂੰ ਦੱਸਿਆ ਕਿ ਨੇੜਲੇ ਖੇਤਰਾਂ ਤੋਂ ਪੀ. ਈ. ਟੀ. ਰਿਫਿਊਜ ਇਕੱਠੇ ਕਰ ਕੇ ਕੰਟਰੋਲ ਕਰਨ ਵਾਲੀਆਂ ਸਥਿਤੀਆਂ ਵਿਚ ਉਨ੍ਹਾਂ ਨੂੰ ਕਾਰਬਨੀਕਰਨ ਤੇ ਚੁੰਭਕੀ ਰੁਪਾਂਤਰਨ ਰਾਹੀਂ ਚੁੰਭਕੀ ਤੌਰ 'ਤੇ ਸੰਵੇਦਨਸ਼ੀਲ ਕਾਰਬਨ ਨੈਨੋ ਮਟੀਰੀਅਲ  'ਚ ਤਬਦੀਲ ਕੀਤਾ ਗਿਆ ਹੈ।  ਡਾ. ਰਾਏ ਅਨੁਸਾਰ ਵਿਗਿਆਨਕਾਂ ਵਲੋਂ ਵਿਕਸਿਤ ਕੀਤੇ ਗਏ ਘੱਟ ਲਾਗਤ ਵਾਲੇ ਇਸ ਨਵੇਂ ਚੁੰਭਕੀ ਨੈਨੋ ਮਟੀਰੀਅਲ ਵਿਚ ਪ੍ਰਦੂਸ਼ਿਤ ਪਾਣੀ ਤੋਂ ਸੀਫੈਲੇਕਸੀਨ ਨੂੰ ਸੁਕਾਉਣ ਦੀ ਬਿਹਤਰ ਸਮਰੱਥਾ ਹੈ। ਖੋਜਕਾਰਾਂ ਨੇ ਦੱਸਿਆ ਹੈ ਕਿ ਪ੍ਰਤੀ ਲਿਟਰ ਇਸ ਤੱਤ ਦੀ 0.4 ਗ੍ਰਾਮ ਵਰਤੋਂ ਕਰਨ ਨਾਲ ਸੀਫੈਲੇਕਸੀਨ ਦੇ ਅੱਧੇ ਤੋਂ ਵੱਧ ਗਾੜੇਪਨ ਨੂੰ ਘੱਟ ਕਰ ਸਕਦੇ ਹਨ। 
83% ਟੂਟੀਆਂ ਦੇ ਪਾਣੀ ਵਿਚ ਪਲਾਸਟਿਕ ਫਾਈਬਰ, ਪੰਜਾਬ ਵਿਚ 95% ਪਾਣੀ ਪੀਣ ਲਾਇਕ ਹੀ ਨਹੀਂ
ਥੈਲੇਟਸ ਰਸਾਇਣ ਨਾਲ ਹੋ ਸਕਦੀਆਂ ਨੇ ਦਿਲ ਦੀਆਂ ਬੀਮਾਰੀਆਂ ਅਤੇ ਸ਼ੂਗਰ
ਉਥੇ ਹੀ ਚੀਨ ਦੀ ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਐਡੀਲੇਡ ਯੂਨੀਵਰਸਿਟੀ ਅਤੇ ਦੱਖਣ ਆਸਟਰੇਲੀਆਈ ਸਿਹਤ ਅਤੇ ਮੈਡੀਕਲ ਖੋਜ ਸੰਸਥਾਨ ਦੇ ਵਿਗਿਆਨੀਆਂ ਨੇ 1500 ਤੋਂ ਵੱਧ ਮਰਦਾਂ ਵਿਚ ਥੈਲੇਟਸ ਨਾਂ ਦੇ ਰਸਾਇਣ ਦੀ ਮੌਜੂਦਗੀ ਦੀ ਸੰਭਾਵਨਾ ਦੀ ਜਾਂਚ ਕੀਤੀ ਹੈ। ਇਹ ਰਸਾਇਣ ਦਿਲ ਦੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ ਤੇ ਟਾਈਪ-2 ਸ਼ੂਗਰ ਨਾਲ ਜੁੜਿਆ ਹੈ। ਐਡੀਲੇਡ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਜੁਮਿਨ ਸ਼ੀ ਦਾ ਕਹਿਣਾ ਹੈ ਕਿ ਪ੍ਰੀਖਣ ਦੌਰਾਨ ਥੈਲੇਟਸ ਦੀ ਪਛਾਣ ਲੋਕਾਂ ਦੇ ਪੇਸ਼ਾਬ ਦੇ ਨਮੂਨੇ ਤੋਂ ਹੁੰਦੀ ਹੈ। ਅਜਿਹਾ ਪਲਾਸਟਿਕ ਦੇ ਬਰਤਨਾਂ ਜਾਂ ਬੋਤਲਾਂ ਵਿਚ ਰੱਖੇ ਖੁਰਾਕ ਪਦਾਰਥਾਂ ਨੂੰ ਖਾਣ ਨਾਲ ਹੁੰਦਾ ਹੈ।
ਸ਼ੀ ਮੁਤਾਬਕ ਜ਼ਿਆਦਾ ਥੈਲੇਟਸ ਪੱਧਰ ਵਾਲੇ ਮਰਦਾਂ ਵਿਚ ਦਿਲ ਸੰਬੰਧੀ ਬੀਮਾਰੀਆਂ, ਟਾਈਪ-2 ਸ਼ੂਗਰ ਤੇ ਖੂਨ ਦਬਾਅ ਨੂੰ ਵਧਿਆ ਹੋਇਆ ਪਾਇਆ ਗਿਆ। ਸ਼ੀ ਮੁਤਾਬਕ ਇਹ ਵਿਸ਼ੇਸ਼ ਗੱਲ ਹੈ ਕਿ ਪੱਛਮ ਦੇ ਲੋਕਾਂ ਵਿਚ ਥੈਲੇਟਸ ਦਾ ਪੱਧਰ ਜ਼ਿਆਦਾ ਹੈ, ਕਿਉਂਕਿ ਉਥੇ ਬਹੁਤ ਸਾਰੇ ਖੁਰਾਕ ਪਦਾਰਥਾਂ ਨੂੰ ਹੁਣ ਪਲਾਸਟਿਕ ਵਿਚ ਪੈਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੋਜ ਵਿਚ ਪਾਇਆ ਗਿਆ ਕਿ ਜੋ ਸਾਫਟ ਡ੍ਰਿੰਕ ਪੀਂਦੇ ਹਨ ਅਤੇ ਪਹਿਲਾਂ ਤੋਂ ਪੈਕ ਖੁਰਾਕ ਸਮੱਗਰੀ ਨੂੰ ਖਾਂਦੇ ਹਨ, ਉਨ੍ਹਾਂ ਦੇ ਪੇਸ਼ਾਬ ਵਿਚ ਤੰਦਰੁਸਤ ਲੋਕਾਂ ਦੀ ਤੁਲਣਾ ਵਿਚ ਥੈਲੇਟਸ ਦੀ ਮਾਤਰਾ ਜ਼ਿਆਦਾ ਪਾਈ ਗਈ।
ਵਿਸ਼ਵ ਸਿਹਤ ਸੰਗਠਨ ਕਰੇਗਾ ਸਮੀਖਿਆ
ਬੋਤਲਬੰਦ ਪਾਣੀ ਵਿਚ ਮਾਈਕ੍ਰੋਪਲਾਸਟਿਕ ਦੇ ਟੁਕੜੇ ਪਾਏ ਜਾਣ ਦੀਆਂ ਖਬਰਾਂ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਉਹ ਇਸ ਸੰਬੰਧ ਵਿਚ ਸਮੀਖਿਆ ਕਰੇਗਾ। ਉਥੇ ਹੀ ਖੁਰਾਕ ਸੁਰੱਖਿਆ ਤੇ ਭਾਰਤੀ ਮਾਪਦੰਡ ਐਸੋਸੀਏਸ਼ਨ ਦੇ ਮੁਖ ਕਾਰਜਕਾਰੀ ਅਧਿਕਾਰੀ ਪਵਨ ਕੁਮਾਰ ਅਗਰਵਾਲ ਨੇ ਕਿਹਾ ਕਿ ਭਾਰਤ ਵਿਚ ਬੋਤਲਬੰਦ ਪਾਣੀ ਲਈ ਤੈਅ ਮਾਪਦੰਡਾਂ ਵਿਚ ਕੀਟਨਾਸ਼ਕਾਂ ਤੇ ਮਾਈਕ੍ਰੋ ਆਰਗਨਿਜ਼ਮ ਦੀ ਜਾਂਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਈਕ੍ਰੋ ਪਲਾਸਟਿਕ ਦੀ ਜਾਂਚ ਲਈ ਕੋਈ ਮਾਪਦੰਡ ਨਹੀਂ ਹੈ, ਜਿਵੇਂ ਕਿ ਅਧਿਐਨ ਵਿਚ ਸੰਕੇਤ ਦਿੱਤਾ ਗਿਆ ਹੈ। ਸਾਨੂੰ ਇਸ ਮਸਲੇ ਨੂੰ ਸਮਝਣ ਦੀ ਲੋੜ ਹੈ ਅਤੇ ਇਹ ਦੇਖਣਾ ਹੋਵੇਗਾ ਕਿ ਇਸਦੇ ਲਈ ਨਵੇਂ ਮਾਪਦੰਡ ਬਣਾਏ ਜਾਣ ਜਾਂ ਮੌਜੂਦਾ ਮਾਪਦੰਡਾਂ ਨੂੰ ਹੀ ਬਣਾਈ ਰੱਖਿਆ ਜਾਵੇ।
ਪਾਣੀ ਵਿਚ ਮਾਈਕ੍ਰੋ ਪਲਾਸਟਿਕ ਦਾ ਪਤਾ ਲਗਾਉਣ ਲਈ ਨਾਈਲ ਰੈੱਡ ਡਾਈ ਦੀ ਵਰਤੋਂ
ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਦੇ ਵਿਗਿਆਨੀਆਂ ਨੇ ਪਾਣੀ ਵਿਚ ਮਾਈਕ੍ਰੋ ਪਲਾਸਟਿਕ ਦਾ ਪਤਾ ਲਗਾਉਣ ਲਈ ਨਾਈਲ ਰੈੱਡ ਡਾਈ ਦੀ ਵਰਤੋਂ ਕੀਤੀ। ਡਾਈ ਪਲਾਸਟਿਕ ਦੇ ਕਣਾਂ ਨਾਲ ਚਿਪਕ ਜਾਂਦੀ ਹੈ ਅਤੇ ਕਣਾਂ ਦਾ ਰੰਗ ਪੀਲਾ ਹੋ ਜਾਂਦਾ ਹੈ। ਪਾਣੀ ਵਿਚ ਪਲਾਸਟਿਕ ਫਾਈਬਰਸ ਦੀ ਮੌਜ਼ੂਦਗੀ ਬਾਰੇ ਓਰਬ ਮੀਡੀਆ ਵਲੋਂ ਖੋਜ ਕਰਵਾਈ ਗਈ ਹੈ। ਇਸ ਅਧਿਐਨ ਨੂੰ ਨਾ ਤਾਂ ਰਸਾਲੇ ਵਿਚ ਪ੍ਰਕਾਸ਼ਿਤ ਕੀਤਾ ਗਿਆ ਅਤੇ ਨਾ ਹੀ ਇਸਦੀ ਕੋਈ ਸਮੀਖਿਆ ਹੋਈ ਹੈ। ਉਥੇ ਹੀ ਯੂਨੀਵਰਸਿਟੀ ਆਫ ਈਸਟ ਏਂਜਲੀਆ ਦੇ ਵਿਗਿਆਨੀ ਜਿਨ੍ਹਾਂ ਨੇ ਨਾਈਲ ਰੈੱਡ  ਡਾਈ ਬਣਾਈ ਹੈ, ਦਾ ਕਹਿਣਾ ਹੈ ਕਿ ਉਹ ਇਸ ਪ੍ਰਯੋਗ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਇਸਦਾ ਲੈਬ ਵਿਚ ਸਾਵਧਾਨੀ ਨਾਲ ਪ੍ਰਯੋਗ ਕੀਤਾ ਗਿਆ ਹੈ।


Related News