ਐੱਸ. ਐੱਸ. ਏ.-ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮਾਮਲਾ ਵਿਚਾਰ ਅਧੀਨ

03/23/2018 10:35:17 AM

ਚੰਡੀਗੜ੍ਹ (ਰਮਨਜੀਤ)- ਰਾਜ ਵਿਚ ਰੈਗੂਲਰ ਕੀਤੇ ਜਾਣ ਦੇ ਮਸਲੇ 'ਤੇ ਤਨਖਾਹ ਕਟੌਤੀ ਦਾ ਵਿਰੋਧ ਕਰ ਰਹੇ ਰਮਸਾ, ਐੱਸ. ਐੱਸ. ਏ. ਅਧਿਆਪਕਾਂ ਦਾ ਮਸਲਾ ਵੀਰਵਾਰ ਨੂੰ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਚੁੱਕਿਆ। ਉਨ੍ਹਾਂ ਨੇ ਇਸ ਨੂੰ ਕਾਫੀ ਗੰਭੀਰ ਮਾਮਲਾ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ 'ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ।  
ਆਪਣਾ ਧਿਆਨਾ ਦਿਵਾਊ ਮਤਾ ਰੱਖਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਰਾਜ ਸਰਕਾਰ ਐੱਸ. ਐੱਸ. ਏ., ਰਮਸਾ ਅਧਿਆਪਕ,  ਹੈੱਡ ਮਾਸਟਰ ਅਤੇ ਲੈਬ ਅਟੈਂਡੇਂਟਸ ਠੇਕੇ 'ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ 30 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲ ਰਹੀ ਹੈ।  ਅਜਿਹੇ ਲਗਭਗ 20 ਹਜ਼ਾਰ ਮੁਲਾਜ਼ਮ ਹਨ।  ਖਹਿਰਾ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਹੁਣ ਇਨ੍ਹਾਂ ਨੂੰ ਸਰਕਾਰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ ਜਾ ਰਹੀ ਹੈ ਪਰ ਇਸ ਨਾਲ ਹੀ ਇਨ੍ਹਾਂ ਨੂੰ ਬੇਸਿਕ ਪੇ ਸਕੇਲ 'ਤੇ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਨੂੰ ਮੌਜੂਦਾ ਸਮੇਂ ਵਿਚ ਮਿਲ ਰਹੇ ਤਨਖਾਹ ਤੋਂ 25 ਤੋਂ 30 ਹਜ਼ਾਰ ਰੁਪਏ ਘੱਟ ਤਨਖਾਹ ਦਿੱਤੀ ਜਾਵੇਗੀ। ਇਸ ਗੱਲ ਕਾਰਨ ਇਨ੍ਹਾਂ ਅਧਿਆਪਕਾਂ ਅਤੇ ਮੁਲਾਜ਼ਮਾਂ 'ਚ ਬਹੁਤ ਰੋਸ ਫੈਲਿਆ ਹੋਇਆ ਹੈ ਅਤੇ ਇਹ ਠੀਕ ਨਹੀਂ ਹੈ।  ਖਹਿਰਾ ਨੇ ਕਿਹਾ ਕਿ ਸਰਕਾਰ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਦੇ ਹੋਏ ਤਨਖਾਹ ਘੱਟ ਨਾ ਕੀਤੀ ਜਾਵੇ।  ਖਹਿਰਾ ਵੱਲੋਂ ਲਿਆਏ ਗਏ ਇਸ ਧਿਆਨ ਦਿਵਾਊ ਪ੍ਰਸਤਾਵ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਇਕ ਹੋਰ ਮੁੱਦੇ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਅਤੇ ਖਹਿਰਾ ਵੱਲੋਂ ਪ੍ਰਸਤਾਵ ਪੜ੍ਹਨ ਦੌਰਾਨ ਹੀ ਸ਼੍ਰੋਮਣੀ ਅਕਾਲੀ-ਭਾਜਪਾ  ਦੇ ਵਿਧਾਇਕ ਸਪੀਕਰ ਵੈਲੀ ਵਿਚ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ।   ਉਧਰ, ਇਸ ਰੌਲੇ-ਰੱਪੇ ਦੌਰਾਨ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਖਹਿਰਾ ਦੇ ਧਿਆਨ ਦਿਵਾਊ ਮਤੇ 'ਤੇ ਬੋਲਦੇ ਹੋਏ ਸਦਨ ਨੂੰ ਜਾਣਕਾਰੀ ਦਿੱਤੀ ਕਿ ਉਕਤ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਮਾਮਲਾ ਫਿਲਹਾਲ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਇਸ ਲਈ ਵੱਖਰੇ ਪੱਧਰ ਉਤੇ ਕਾਰਵਾਈ ਚੱਲ ਰਹੀ ਹੈ।  
ਖਹਿਰਾ ਵੱਲੋਂ ਰੌਲੇ ਕਾਰਨ ਜਵਾਬ ਸੁਣਾਈ ਨਾ ਦੇਣ ਦੀ ਗੱਲ ਕਹੀ ਗਈ ਅਤੇ ਦੁਬਾਰਾ ਜਵਾਬ ਦੀ ਸਪੀਕਰ ਨੂੰ ਬੇਨਤੀ ਕੀਤੀ। ਸਿੱਖਿਆ ਮੰਤਰੀ ਵੱਲੋਂ ਫਿਰ ਜਵਾਬ ਪੜ੍ਹਨ ਦੇ ਬਾਵਜੂਦ ਵੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਣਾਈ ਨਹੀਂ ਦੇ ਸਕਿਆ ਹੈ ਇਸ ਲਈ ਜਵਾਬ ਫਿਰ ਤੋਂ ਪੜ੍ਹ ਦਿੱਤਾ ਜਾਵੇ ਪਰ ਸਪੀਕਰ ਨੇ ਇਸ ਤੋਂ ਮਨ੍ਹਾ ਕਰ ਦਿੱਤਾ ਅਤੇ ਸਿੱਖਿਆ ਮੰਤਰੀ ਵੱਲੋਂ ਦਿੱਤਾ ਗਿਆ ਜਵਾਬ ਲਿਖਤੀ 'ਚ ਖਹਿਰਾ ਤੱਕ ਭਿਜਵਾ ਦਿੱਤਾ। ਜਦੋਂ ਤੱਕ ਖਹਿਰਾ ਨੇ ਸਪਲੀਮੈਂਟਰੀ ਸਵਾਲ ਕਰਨ ਦ ਬੇਨਤੀ ਕੀਤੀ, ਤੱਦ ਤੱਕ ਸਪੀਕਰ ਕਾਰਵਾਈ ਨੂੰ ਅੱਗੇ ਵਧਾ ਚੁੱਕੇ ਸਨ।  


Related News