ਸੈਂਸੈਕਸ 355 ਅੰਕ ਧੜੰਮ, ਨਿਫਟੀ 10,000 ਤੋਂ ਹੇਠਾਂ ਖੁੱਲ੍ਹਾ

03/23/2018 9:30:06 AM

ਵਪਾਰ ਯੁੱਧ ਛਿੜਨ ਦੇ ਖਦਸ਼ੇ ਕਾਰਨ ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 355.38 ਅੰਕਾਂ ਦਾ ਵੱਡਾ ਗੋਤਾ ਲਾ ਕੇ 32,605.89 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 146 ਅੰਕ ਦੀ ਵੱਡੀ ਗਿਰਾਵਟ ਨਾਲ 10,000 ਦੇ ਪੱਧਰ ਤੋਂ ਹੇਠਾਂ 9,968.80 'ਤੇ ਖੁੱਲ੍ਹਿਆ।
ਉੱਥੇ ਹੀ, ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਅਤੇ ਸਿੰਗਾਪੁਰ 'ਚ ਐੱਨ. ਐੱਸ. ਈ. ਨਿਫਟੀ-50 ਦਾ ਸ਼ੁਰੂਆਤੀ ਸੂਚਕ ਐੱਸ. ਜੀ. ਐਕਸ. ਨਿਫਟੀ ਤੇਜ਼ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਨਿੱਕੇਈ 764 ਅੰਕ ਡਿੱਗ ਕੇ 20,828 'ਤੇ ਅਤੇ ਐੱਸ. ਜੀ. ਐਕਸ. ਨਿਫਟੀ 115 ਅੰਕ ਦੀ ਜ਼ੋਰਦਾਰ ਗਿਰਾਵਟ ਨਾਲ 10,000 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਇਸ ਦੇ ਇਲਾਵਾ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਕਾਰਨ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ। ਡਾਓ ਜੋਂਸ 725 ਅੰਕ, ਐੱਸ. ਐਂਡ. ਪੀ.-500 ਇੰਡੈਕਸ 68 ਅੰਕ ਅਤੇ ਨੈਸਡੈਕ ਕੰਪੋਜਿਟ 178 ਦੀ ਗਿਰਾਵਟ ਨਾਲ ਬੰਦ ਹੋਏ ਹਨ। ਅਮਰੀਕਾ ਨੇ 60 ਅਰਬ ਡਾਲਰ ਦੇ ਚੀਨੀ ਸਾਮਾਨ 'ਤੇ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਜਵਾਬ 'ਚ ਚੀਨ ਨੇ ਵੀ 128 ਅਮਰੀਕੀ ਸਾਮਾਨਾਂ 'ਤੇ ਜਵਾਬੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਾਮਾਲ ਕੈਪ 'ਚ ਇਸ ਦੌਰਾਨ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸਮਾਲ ਕੈਪ 'ਚ 314 ਅੰਕ ਦੀ ਗਿਰਾਵਟ, ਮਿਡ ਕੈਪ 'ਚ 250 ਅੰਕ ਤੋਂ ਵਧ ਦੀ ਕਮਜ਼ੋਰੀ ਅਤੇ ਲਾਰਜ ਕੈਪ 'ਚ 46 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।

ਐੱਨ. ਐੱਸ. ਈ. 'ਤੇ ਸਾਰੇ ਸੈਕਟਰ ਇੰਡੈਕਸ ਗਿਰਾਵਟ 'ਚ ਨਜ਼ਰ ਆਏ। ਬੈਂਕ ਨਿਫਟੀ 437 ਅੰਕ ਡਿੱਗ ਕੇ 23,704.50 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਨਿਫਟੀ ਪੀ. ਐੱਸ. ਯੂ. ਬੈਂਕ 'ਚ 64 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਨਿਫਟੀ ਫਾਰਮਾ 'ਚ 99 ਅੰਕ ਅਤੇ ਨਿਫਟੀ ਮੈਟਲ 'ਚ 100 ਤੋਂ ਵਧ ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਸ਼ੁਰੂਆਤੀ ਕਾਰੋਬਾਰ 'ਚ ਹਿੰਡਾਲਕੋ, ਟਾਟਾ ਸਟੀਲ, ਆਈ. ਸੀ. ਆਈ. ਸੀ. ਆਈ. ਬੈਂਕ, ਯੈੱਸ ਬੈਂਕ ਅਤੇ ਵੇਦਾਂਤਾ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


Related News