ਪੰਜਾਬ ਰੋਡਵੇਜ਼ ਦੇ ਸਮੂਹ ਮੁਲਾਜ਼ਮਾਂ ਨੇ ਚੱਕਾ ਜਾਮ ਕਰ ਅਫਸਰਸ਼ਾਹੀ ਦਾ ਕੀਤਾ ਪਿੱਟ-ਸਿਆਪਾ

03/23/2018 8:20:32 AM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਐਕਸ਼ਨ ਕਮੇਟੀ ਦੇ ਸੱਦੇ ਉੱਪਰ ਪੰਜਾਬ ਰੋਡਵੇਜ਼/ਪਨਬਸ ਦੇ ਸਮੂਹ ਮੁਲਾਜ਼ਮਾਂ ਨੇ ਬੱਸ ਸਟੈਂਡ ਮੋਗਾ ਵਿਖੇ 12 ਤੋਂ 2 ਵਜੇ ਤੱਕ ਮੁਕੰਮਲ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਅਤੇ ਅਫਸਰਸ਼ਾਹੀ ਦਾ ਪਿੱਟ-ਸਿਆਪਾ ਕੀਤਾ। ਅੱਜ ਦੀ ਰੈਲੀ 'ਚ ਟਰਾਂਸਪੋਰਟ ਦੇ ਕਾਮਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪੈਨਸ਼ਨਰਜ਼, ਬਿਜਲੀ ਬੋਰਡ, ਚੌਥਾ ਦਰਜਾ, ਡਰਾਈਵਰ ਯੂਨੀਅਨ, ਮਗਨਰੇਗਾ ਕਰਮਚਾਰੀ ਯੂਨੀਅਨ, ਆਂਗਣਵਾੜੀ ਵਰਕਰਜ਼, ਹੈਲਪਰਜ਼, ਆਸ਼ਾ ਵਰਕਰਜ਼ ਦੇ ਆਗੂ ਅਤੇ ਵਰਕਰਜ਼ ਵੀ ਸ਼ਾਮਲ ਹੋਏ।
ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੇ 21 ਫਰਵਰੀ 2018 ਦੀ ਸਫਲ ਹੜਤਾਲ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਡਾਇਰੈਕਟਰ ਸਟੇਟ ਟਰਾਂਸਪੋਰਟ ਵੱਲੋਂ 20 ਮਾਰਚ 2018 ਦੀ ਮੀਟਿੰਗ ਵੀ ਐਕਸ਼ਨ ਕਮੇਟੀ ਦੀ ਕੋਈ ਤਸੱਲੀ ਨਹੀਂ ਕਰਵਾ ਸਕੀ, ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਦੋ ਘੰਟੇ ਦੀ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ। ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ 3, 4 ਅਤੇ 5 ਅਪ੍ਰੈਲ 2018 ਨੂੰ ਡਾਇਰੈਕਟਰ ਦਫਤਰ ਅੱਗੇ ਲਗਾਤਾਰ ਧਰਨਾ ਦੇ ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਅੱਜ ਦੀ ਰੈਲੀ 'ਚ ਵਿਸ਼ੇਸ਼ ਤੌਰ 'ਤੇ ਗੁਰਜੰਟ ਸਿੰਘ ਕੋਕਰੀ, ਬਲਜਿੰਦਰ ਸਿੰਘ, ਪੋਹਲਾ ਸਿੰਘ ਬਰਾੜ, ਸਟੇਟ ਆਗੂਆਂ ਤੋਂ ਇਲਾਵਾ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਭਿੰਡਰ (ਏਟਕ), ਪ੍ਰਦੀਪ ਸਿੰਘ, ਦੁਪਿੰਦਰ ਸਿੰਘ ਕਰਮਚਾਰੀ ਦਲ, ਜਸਵੀਰ ਸਿੰਘ ਲਾਡੀ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਜੱਸਾ ਪਨਬਸ ਕੰਟਰੈਕਟ ਵਰਕਰਜ਼, ਗੁਰਦੇਵ ਸਿੰਘ, ਖੁਸ਼ਪਾਲ ਸਿੰਘ ਇੰਟਕ, ਗੁਰਮੇਲ ਸਿੰਘ ਨਾਹਰ ਬਿਜਲੀ ਬੋਰਡ, ਭੂਪਿੰਦਰ ਸਿੰਘ ਸੇਖੋਂ ਫੈਡਰੇਸ਼ਨ ਆਗੂ, ਹਰੀ ਬਹਾਦਰ ਬਿੱਟੂ, ਚਮਨ ਲਾਲ ਸੰਗੇਲੀਆ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ, ਬੂਟਾ ਸਿੰਘ ਭੱਟੀ ਅਧਿਆਪਕ ਆਗੂ, ਜਰਨੈਲ ਸਿੰਘ ਡਰਾਈਵਰ ਯੂਨੀਅਨ, ਚਮਕੌਰ ਸਿੰਘ ਪੈਨਸ਼ਨਰਜ਼ ਆਗੂ, ਬੀਬੀ ਗੁਰਚਰਨ ਕੌਰ ਆਂਗਣਵਾੜੀ ਆਗੂ ਅਤੇ ਗੁਰਮੇਲ ਸਿੰਘ ਮੈਲਡੇ ਪ੍ਰਧਾਨ ਪੰਜਾਬ ਪੈਨਸ਼ਨਰਜ਼ ਯੂਨੀਅਨ ਵੀ ਸਾਥੀਆਂ ਸਮੇਤ ਹਾਜ਼ਰ ਹੋਏ।
ਉਨ੍ਹਾਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ 24 ਮਾਰਚ 2018 ਨੂੰ ਚੰਡੀਗੜ੍ਹ 'ਚ ਵਿਸ਼ਾਲ ਰੈਲੀ ਕਰ ਕੇ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਇਹ ਹਨ ਯੂਨੀਅਨ ਦੀਆਂ ਮੰਗਾਂ
*  ਸਰਕਾਰ ਬਿਨਾਂ ਕਿਸੇ ਦੇਰੀ ਦੇ ਠੇਕੇ ਅਤੇ ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰੇ।
*  ਪੰਜਾਬ ਰੋਡਵੇਜ਼ ਨੂੰ ਬੰਦ ਕਰ ਕੇ ਪੀ. ਆਰ. ਟੀ. ਸੀ. 'ਚ ਸ਼ਾਮਲ ਕਰਨ ਦਾ ਫੈਸਲਾ ਵਾਪਸ ਲਵੇ।
*  ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦਾ ਫੈਸਲਾ ਇਨ-ਬਿਨ ਲਾਗੂ ਕਰ ਕੇ ਜਿਨ੍ਹਾਂ ਅਫਸਰਾਂ ਵੱਲੋਂ ਗਲਤ ਫੈਸਲੇ ਲੈ ਕੇ ਪ੍ਰਾਈਵੇਟਾਂ ਅਤੇ ਖਾਸ ਕਰ ਕੇ ਬਾਦਲ ਪਰਿਵਾਰ ਦੇ ਘਰ ਭਰੇ ਗਏ ਹਨ, ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਕੋਲੋਂ ਬਣਦੀਆਂ ਰਿਕਵਰੀਆਂ ਕੀਤੀਆਂ ਜਾਣ।
*  ਪੰਜਾਬ ਸਰਕਾਰ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 22 ਮਹੀਨਿਆਂ ਦਾ ਪਿਛਲਾ ਬਕਾਇਆ ਤੁਰੰਤ ਰਿਲੀਜ਼ ਕਰੇ।
*  ਡੀ. ਏ. ਦੀਆਂ ਬਣਦੀਆਂ ਤਿੰਨ ਕਿਸ਼ਤਾਂ ਯਕਮੁਸ਼ਤ ਦਿੱਤੀਆਂ ਜਾਣ।
*  6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ।
*  ਆਂਗਣਵਾੜੀ, ਆਸ਼ਾ ਵਰਕਰਜ਼, ਮਿਡ-ਡੇ ਮੀਲ ਵਰਕਰਜ਼ ਲਈ ਘੱਟੋ-ਘੱਟ ਉਜਰਤ ਦਾ ਨਿਯਮ ਲਾਗੂ ਕਰ ਕੇ ਸਰਕਾਰੀ ਕਰਮਚਾਰੀਆਂ ਦਾ ਦਰਜਾ ਦਿੱਤਾ ਜਾਵੇ।
*  ਪਬਲਿਕ ਅਦਾਰੇ ਤੋੜਨ ਦੀ ਨੀਤੀ ਬੰਦ ਕਰ ਕੇ ਰੈਗੂਲਰ ਭਰਤੀ ਕੀਤੀ ਜਾਵੇ।


Related News