ਫੇਸਬੁੱਕ ਫ੍ਰੈਂਡ ਨੂੰ ਬੁਲਾਉਣਾ ਪਿਆ ਮਹਿੰਗਾ, ਪੁਲਸ ਜਾਂਚ ਜਾਰੀ

03/23/2018 8:21:48 AM

ਮੋਗਾ (ਆਜ਼ਾਦ) - ਮੋਗਾ ਦੇ ਬਾਹਰਲੇ ਇਲਾਕੇ 'ਚ ਰਹਿੰਦੇ ਇਕ ਮਜ਼ਦੂਰ ਦੇ 11ਵੀਂ 'ਚ ਪੜ੍ਹਦੇ ਨਾਬਾਲਗ ਲੜਕੇ ਨੂੰ ਫੇਸਬੁੱਕ 'ਤੇ ਫ੍ਰੈਂਡ ਬਣਾਈ ਇਕ ਲੜਕੀ ਨੂੰ ਮੋਗੇ ਬੁਲਾਉਣਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਉਕਤ ਲੜਕੇ ਅਤੇ ਉਸਦੇ ਦੋਸਤਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ, ਜਦਕਿ ਉਕਤ ਲੜਕੀ ਅਤੇ ਉਸਦੀ ਸਹੇਲੀ ਮੌਕੇ ਤੋਂ ਫਰਾਰ ਹੋ ਗਈਆਂ। ਜਾਣਕਾਰੀ ਅਨੁਸਾਰ 11ਵੀਂ 'ਚ ਪੜ੍ਹਦੇ ਇਕ ਵਿਦਿਆਰਥੀ ਨੇ ਫੇਸਬੁੱਕ 'ਤੇ ਲੁਧਿਆਣੇ ਦੀ ਇਕ ਲੜਕੀ ਨੂੰ ਆਪਣਾ ਫ੍ਰੈਂਡ ਬਣਾਇਆ ਸੀ ਤੇ ਉਕਤ ਦੋਵਾਂ ਨੇ ਮੋਗੇ ਵਿਖੇ ਮਿਲਣ ਦੀ ਗੱਲ ਕੀਤੀ ਸੀ।
ਲੜਕੇ ਨੇ ਆਪਣੇ ਕਿਸੇ ਨਜ਼ਦੀਕੀ ਦੇ ਮਕਾਨ ਦੀ ਚਾਬੀ ਇਹ ਕਹਿ ਕੇ ਲੈ ਲਈ ਸੀ ਕਿ ਮੇਰੇ ਕਿਸੇ ਦੋਸਤ ਨੇ ਮਕਾਨ ਦੇਖਣ ਆਉਣਾ ਹੈ। ਜਦੋਂ ਉਹ ਆਪਣੀ ਫੇਸਬੁੱਕ ਫ੍ਰੈਂਡ ਤੇ ਉਸਦੀ ਸਹੇਲੀ ਨੂੰ ਲੈ ਕੇ ਆਪਣੇ ਕਿਸੇ ਹੋਰ ਦੋਸਤ ਨਾਲ ਘਰ 'ਚ ਦਾਖਲ ਹੋਏ ਤੇ ਆਪਣੇ ਨਾਲ ਲਿਆਂਦੇ ਖਾਣੇ ਨੂੰ ਖਾਣ ਲਈ ਤਿਆਰੀ ਕਰ ਰਹੇ ਸਨ ਤਾਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਰੌਲਾ ਪਾ ਦਿੱਤਾ।
ਕੁਝ ਲੋਕਾਂ ਨੇ ਲੜਕੀਆਂ ਨੂੰ ਚਲੇ ਜਾਣ ਲਈ ਕਿਹਾ ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਕਰਮਚਾਰੀ ਆ ਕੇ ਪੁੱਛਗਿੱਛ ਲਈ ਦੋਨੋਂ ਲੜਕਿਆਂ ਨੂੰ ਆਪਣੇ ਨਾਲ ਲੈ ਗਏ। ਜਦੋਂ ਇਸ ਸਬੰਧ 'ਚ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਜੈ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਕਿਸੇ ਵੱਲੋਂ ਕੋਈ ਸ਼ਿਕਾਇਤ ਪੱਤਰ ਪ੍ਰਾਪਤ ਨਹੀਂ ਹੋਇਆ। ਦੋਨੋਂ ਵਿਦਿਆਰਥੀ ਨਾਬਾਲਗ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News