25 ਨੂੰ ਦੇਸ਼ ਭਰ ਦੇ ਸੰਤ ਲੁਧਿਆਣਾ ''ਚ ਕਰਨਗੇ ਹਿੰਦੂ ਸੰਸਦ

03/23/2018 8:19:29 AM

ਮੋਗਾ  (ਸੰਦੀਪ) - ਗਊ ਮਾਂ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿਵਾਉਣ, ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਅਤੇ ਹਿੰਦੂ ਸਮਾਜ ਦੀਆਂ ਮੰਗਾਂ ਨੂੰ ਲੈ ਕੇ ਲੁਧਿਆਣਾ 'ਚ ਹਿੰਦੂ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਸੰਤ ਬੁਜੈਸ਼ ਪੁਰੀ ਮਹਾਰਾਜ ਮੋਗਾ ਪੁੱਜੇ। ਬੁਜੇਸ਼ ਪੁਰੀ ਮਹਾਰਾਜ ਨੇ ਦੱਸਿਆ ਕਿ ਸ਼ਿਵ ਸੈਨਾ ਹਿੰਦੂ ਅਤੇ ਵਿਸ਼ਵ ਹਿੰਦੂ ਸ਼ਕਤੀ ਵੱਲੋਂ ਕੀਤੀ ਜਾਣ ਵਾਲੀ ਹਿੰਦੂ ਸੰਸਦ 'ਚ ਦੇਸ਼ ਭਰ ਦੇ ਸੰਤ ਇਕਜੁੱਟ ਹੋ ਕੇ ਕੇਂਦਰ ਤੋਂ ਮੰਗਾਂ ਮਨਵਾਉਣ ਦੇ ਮਤੇ ਐਲਾਨ ਕਰਨਗੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਰਾਮ ਮੰਦਰ ਦਾ ਨਿਰਮਾਣ ਨਾ ਸ਼ੁਰੂ ਕਰਨ ਦੀ ਵੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਮ ਮੰਦਰ ਨੂੰ ਲੈ ਕੇ ਹੀ ਸੱਤਾ 'ਚ ਆਈ ਸੀ ਪਰ ਲੰਮਾ ਸਮਾਂ ਬੀਤ ਜਾਣ 'ਤੇ ਵੀ ਨਿਰਮਾਣ ਕਾਰਜ ਦੀ ਮਿਤੀ ਐਲਾਨੀ ਨਹੀਂ ਗਈ, ਜੋ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਇਸ ਧਰਮ ਸੰਸਦ 'ਚ ਹਿੰਦੂ ਹਿੱਤਾਂ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਜਾਣਗੇ।
ਇਸ ਮੌਕੇ ਰਾਹੁਲ ਸ਼ਰਮਾ ਨੇ ਕਿਹਾ ਕਿ ਗਊ ਸੈੱਸ ਲੈਣ 'ਤੇ ਵੀ ਨਿਗਮ ਗਊ ਧਨ ਦੀ ਸੰਭਾਲ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਜੇਕਰ ਜਲਦ ਗਊਆਂ ਦੀ ਸੰਭਾਲ ਨਾ ਕੀਤੀ ਗਈ ਤਾਂ ਬੇਸਹਾਰਾ ਸੜਕਾਂ 'ਤੇ ਫਿਰ ਰਹੀਆਂ ਗਊਆਂ ਨੂੰ ਡੀ. ਸੀ. ਦਫਤਰ ਵਿਖੇ ਛੱਡ ਦਿੱਤਾ ਜਾਵੇਗਾ। ਇਸ ਮੌਕੇ ਰਮਨ ਸ਼ਾਹੀ, ਕੁਨਾਲ ਅਰੋੜਾ, ਨਿਤਿਨ ਗੁਪਤਾ, ਵਿਜੈ ਬਜਾਜ, ਜੋਗਿੰਦਰ ਪਾਲ ਸ਼ਰਮਾ ਅਤੇ ਵਿੱਕੀ ਕੁਮਾਰ ਆਦਿ ਹਾਜ਼ਰ ਸਨ।


Related News