ਲਾਪਤਾ ਨਾਬਾਲਗ ਬੱਚੇ ਦੀ ਲਾਸ਼ ਨਹਿਰ ''ਚੋਂ ਬਰਾਮਦ

03/23/2018 8:12:25 AM

ਕੋਟਕਪੂਰਾ  (ਨਰਿੰਦਰ, ਭਾਵਿਤ) - ਬੀਤੇ ਦਿਨੀਂ ਲਾਪਤਾ ਹੋਏ ਚਾਰ ਭੈਣਾਂ ਦੇ ਇਕਲੌਤੇ ਭਰਾ ਅਰਸ਼ਦੀਪ (14) ਦੀ ਲਾਸ਼ ਅੱਜ ਨਹਿਰ 'ਚੋਂ ਬਰਾਮਦ ਹੋ ਗਈ ਹੈ। ਇਸ ਸਬੰਧੀ ਸਥਾਨਕ ਡੀ. ਐੱਸ. ਪੀ. ਦਫਤਰ ਵਿਚ ਮਨਵਿੰਦਰਬੀਰ ਸਿੰਘ ਡੀ. ਐੱਸ. ਪੀ. ਕੋਟਕਪੂਰਾ ਅਤੇ ਖੇਮ ਚੰਦ ਪਰਾਸ਼ਰ ਐੱਸ. ਐੱਸ. ਓ. ਥਾਣਾ ਸਿਟੀ ਕੋਟਕਪੂਰਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਕਥਿਤ ਕਾਤਲਾਂ ਨੂੰ ਕਾਬੂ ਕਰਨ ਤੋਂ ਇਲਾਵਾ ਇਸ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਬੀਤੀ 16 ਮਾਰਚ ਨੂੰ ਛਿੰਦਾ ਸਿੰਘ ਪੁੱਤਰ ਕਰਤਾਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਸ ਦੀ ਬੇਟੀ ਸਰਬਜੀਤ ਕੌਰ ਤੇ ਉਸ ਦੇ ਕਥਿਤ ਪ੍ਰੇਮੀ ਗੁਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਨਾਬਾਲਗ ਬੇਟੇ ਅਰਸ਼ਦੀਪ ਸਿੰਘ ਨੂੰ ਲਾਪਤਾ ਕਰ ਦਿੱਤਾ ਹੈ। ਗੁਰਪ੍ਰੀਤ ਅਤੇ ਸਰਬਜੀਤ ਕੌਰ ਦੇ ਨਾਜਾਇਜ਼ ਸਬੰਧਾਂ ਬਾਰੇ ਅਰਸ਼ਦੀਪ ਨੂੰ ਪਤਾ ਸੀ ਅਤੇ ਉਸ ਨੇ ਇਸ ਸਬੰਧੀ 2-3 ਵਾਰ ਘਰ ਵੀ ਦੱਸਿਆ ਸੀ।
ਛਿੰਦਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਅਤੇ ਅਰਸ਼ਦੀਪ ਦੀ ਭਾਲ ਸ਼ੁਰੂ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਵੱਲੋਂ ਮਿਲੀਆਂ ਹਦਾਇਤਾਂ 'ਤੇ ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਦੋਵਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਬੱਚੇ ਦੀ ਲਾਸ਼ ਫਿੱਡੇ ਕਲਾਂ ਨਹਿਰ 'ਚੋਂ ਬਰਾਮਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਅਰਸ਼ਦੀਪ ਨੂੰ ਫਰੀਦਕੋਟ 'ਚੋਂ ਲੰਘਦੀ ਵੱਡੀ ਨਹਿਰ 'ਚ ਧੱਕਾ ਦਿੱਤਾ ਸੀ। ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਨੇ ਦੱਸਿਆ ਕਿ ਪੁਲਸ ਨੇ ਅਰਸ਼ਦੀਪ ਦੀ ਲਾਸ਼ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ ਪਰਿਵਾਰ ਵੱਲੋਂ ਅਰਸ਼ਦੀਪ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। Âਸ ਸਬੰਧੀ ਪਹਿਲਾਂ ਦਰਜ ਕੀਤੇ ਗਏ ਮਾਮਲੇ 'ਚ ਧਾਰਾ 302 ਦਾ ਵਾਧਾ ਕੀਤਾ ਗਿਆ ਹੈ ਅਤੇ ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਪੂਰੇ ਮਾਮਲੇ ਦੀ ਪੂਰੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ।


Related News