ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ''ਚ ਵਧ ਰਿਹਾ ਯੌਨ ਸ਼ੋਸ਼ਣ ਦਾ ਖਤਰਨਾਕ ਰੁਝਾਨ

03/23/2018 8:07:37 AM

ਦੇਸ਼ 'ਚ ਸ਼ਾਇਦ ਕੋਈ ਅਜਿਹਾ ਖੇਤਰ ਨਹੀਂ ਬਚਿਆ, ਜਿਥੇ ਔਰਤਾਂ ਦਾ ਯੌਨ ਸ਼ੋਸ਼ਣ ਨਾ ਹੋ ਰਿਹਾ ਹੋਵੇ। ਸਿੱਖਿਆ ਸੰੰਸਥਾਵਾਂ ਵਿਚ ਵੀ ਇਹ ਬੁਰਾਈ ਘਰ ਕਰ ਗਈ ਹੈ ਅਤੇ ਉਥੋਂ ਵੱਡੀ ਗਿਣਤੀ ਵਿਚ ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਦੀ ਪੁਸ਼ਟੀ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਸਤਿਆਪਾਲ ਸਿੰਘ ਦੇ ਬਿਆਨ ਤੋਂ ਹੁੰਦੀ ਹੈ, ਜਿਨ੍ਹਾਂ ਨੇ 19 ਮਾਰਚ ਨੂੰ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ 2016 ਦੇ ਮੁਕਾਬਲੇ ਸੰਨ 2017 ਵਿਚ ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ 50 ਫੀਸਦੀ ਵਾਧਾ ਹੋਇਆ ਹੈ।
ਯੂਨੀਵਰਸਿਟੀਆਂ ਵਿਚ 2016 'ਚ ਯੌਨ ਸ਼ੋਸ਼ਣ ਦੇ 94 ਅਤੇ ਕਾਲਜਾਂ ਤੇ ਹੋਰ ਸੰਸਥਾਵਾਂ ਵਿਚ 18 ਕੇਸ ਹੋਏ ਸਨ ਤੇ 2017 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ ਕ੍ਰਮਵਾਰ 149 ਅਤੇ 39 ਹੋ ਗਈ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਵਿਦਿਆਰਥੀਆਂ ਅਤੇ ਸਟਾਫ ਦੇ ਯੌਨ ਸ਼ੋਸ਼ਣ ਬਾਰੇ ਸਜ਼ਾ ਪ੍ਰਬੰਧਾਂ ਦੇ ਬਾਵਜੂਦ ਯੂਨੀਵਰਸਿਟੀ ਕੰਪਲੈਕਸਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਵਿਚ ਵੱਖ-ਵੱਖ ਰੂਪਾਂ ਵਿਚ ਯੌਨ ਸ਼ੋਸ਼ਣ ਜਾਰੀ ਹੈ :
* 19 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਚ ਇਕ ਪ੍ਰਾਈਵੇਟ ਕਾਲਜ ਦੀ ਲੈਬਾਰਟਰੀ ਅੰਦਰ ਕੈਮਿਸਟਰੀ ਦੇ ਪ੍ਰੋਫੈਸਰ ਨੇ ਨਾ ਸਿਰਫ ਇਕ ਨਾਬਾਲਗ ਵਿਦਿਆਰਥਣ ਨਾਲ ਛੇੜਖਾਨੀ ਕੀਤੀ ਸਗੋਂ ਉਸ ਨਾਲ ਬਲਾਤਕਾਰ ਵੀ ਕੀਤਾ, ਜਿਸ ਦਾ ਪਤਾ ਲੱਗਣ 'ਤੇ ਵਿਦਿਆਰਥੀਆਂ ਨੇ ਪ੍ਰੋਫੈਸਰ ਨੂੰ ਖੂਬ ਕੁੱਟਿਆ।
* ਕੇਰਲਾ ਦੇ ਕੋਜ਼ੀਕੋਡ 'ਚ ਸਥਿਤ 'ਫਾਰੂਖ ਟੀਚਰਜ਼ ਟਰੇਨਿੰਗ ਕਾਲਜ' ਵਿਚ 'ਜੌਹਰ ਮੁਨਾਵਿਰ' ਨਾਮੀ ਅਧਿਆਪਕ ਨੇ ਕੁਝ ਸਮਾਂ ਪਹਿਲਾਂ ਇਕ ਭਾਸ਼ਣ ਦੌਰਾਨ ਮੁਸਲਿਮ ਕੁੜੀਆਂ ਦੇ ਪਹਿਰਾਵੇ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ :
''ਅੱਜਕਲ ਔਰਤਾਂ ਠੀਕ ਤਰ੍ਹਾਂ ਹਿਜਾਬ ਵੀ ਨਹੀਂ ਪਹਿਨਦੀਆਂ। ਉਹ ਜਾਣਬੁਝ ਕੇ ਆਪਣੀ ਛਾਤੀ ਦਿਖਾਉਂਦੀਆਂ ਹਨ, ਜਿਵੇਂ ਡਿਸਪਲੇ 'ਤੇ ਰੱਖੀ ਹਦਵਾਣੇ ਦੀ ਫਾੜੀ ਹੋਵੇ...ਉਹ ਪਰਦਾ ਕਰਦੀਆਂ ਹਨ ਪਰ ਉਸ ਨੂੰ ਥੋੜ੍ਹਾ ਉਪਰ ਰੱਖਦੀਆਂ ਹਨ ਤਾਂ ਕਿ ਉਨ੍ਹਾਂ ਦੀਆਂ ਲੈਗਿੰਗਜ਼ ਦਿਸਣ।'' ਉਕਤ ਬਿਆਨ ਵਾਇਰਲ ਹੋਣ ਤੋਂ ਬਾਅਦ ਵਿਦਿਆਰਥਣਾਂ ਵਿਚ ਸੂਬਾ ਪੱਧਰੀ ਨਾਰਾਜ਼ਗੀ ਭੜਕ ਉਠੀ।
* ਇਕ ਹੋਰ ਮਾਮਲੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੀਆਂ 8 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ 'ਸਕੂਲ ਆਫ ਲਾਈਫ ਸਾਇੰੰਸਜ਼' ਦੇ ਪ੍ਰੋਫੈਸਰ ਅਤੁਲ ਜੌਹਰੀ ਵਿਰੁੱਧ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ।
16 ਮਾਰਚ ਨੂੰ ਵਿਦਿਆਰਥਣਾਂ ਨੇ ਇਸ ਬਾਰੇ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ। ਇਕ ਵਿਦਿਆਰਥਣ ਦਾ ਦੋਸ਼ ਹੈ ਕਿ ਪ੍ਰੋਫੈਸਰ ਆਪਣੀ ਲੈਬਾਰਟਰੀ ਨੂੰ ਆਪਣਾ 'ਹਰਮ' ਅਤੇ ਖੁਦ ਨੂੰ ਇਸ ਦਾ 'ਬਾਦਸ਼ਾਹ' ਦੱਸਦਾ ਸੀ। ਉਹ ਲੈਬ ਦੇ ਅੰਦਰ ਉਨ੍ਹਾਂ 'ਤੇ ਇਤਰਾਜ਼ਯੋਗ ਅਤੇ ਕਾਮ-ਉਤੇਜਕ ਟਿੱਪਣੀਆਂ ਤੇ ਛੇੜਖਾਨੀ ਵੀ ਕਰਦਾ।
ਵਿਦਿਆਰਥਣ ਅਨੁਸਾਰ, ''ਇਕ ਵਾਰ ਉਸ ਨੇ ਮੈਨੂੰ ਘਰ ਜਾਣ ਲਈ ਲਿਫਟ ਦਿੱਤੀ ਅਤੇ ਜਦੋਂ ਮੈਂ ਕਾਰ ਵਿਚ ਬੈਠੀ ਤਾਂ ਉਸ ਨੇ ਮੇਰੇ ਪੱਟਾਂ 'ਤੇ ਹੱਥ ਰੱਖ ਕੇ ਭੱਦਾ ਧਾਰਮਿਕ ਮਜ਼ਾਕ ਕੀਤਾ। ਮੈਂ ਵਾਰ-ਵਾਰ ਉਸ ਨੂੰ ਕਿਹਾ ਕਿ ਉਹ ਅਜਿਹੀ ਟਿੱਪਣੀ ਨਾ ਕਰੇ।''
ਵਿਦਿਆਰਥਣ ਅਨੁਸਾਰ ਪ੍ਰੋਫੈਸਰ ਉਸ ਦੇ ਸਰੀਰਕ ਢਾਂਚੇ 'ਤੇ ਟਿੱਪਣੀ ਕਰਦਾ, ਉਸ ਦੀ ਪਿੱਠ ਤੇ ਮੋਢਿਆਂ ਨੂੰ ਮਸਲ ਦਿੰਦਾ ਤੇ ਇਕ ਵਾਰ ਸੋਫੇ 'ਤੇ ਉਸ ਦੇ ਬਿਲਕੁਲ ਨੇੜੇ ਬੈਠ ਕੇ ਬੋਲਿਆ, ''ਤੇਰੇ...ਸੁੰਦਰ ਹਨ।''
ਇਕ ਪੀੜਤਾ ਨੇ ਦੋਸ਼ ਲਾਇਆ ਕਿ ਜੌਹਰੀ ਨੇ ਉਸ ਨੂੰ ਅਸ਼ਲੀਲ ਮੈਸੇਜ ਭੇਜੇ, ਯੌਨ ਸ਼ੋਸ਼ਣ ਕੀਤਾ ਅਤੇ ਜਦੋਂ ਉਸ ਨੇ ਉਸ ਦੀਆਂ ਗੱਲਾਂ ਦਾ ਜਵਾਬ ਨਾ ਦਿੱਤਾ ਤਾਂ ਉਸ ਨੇ ਉਸ ਦੀਆਂ ਅਕੈਡਮਿਕ ਪ੍ਰਾਪਤੀਆਂ 'ਖਰਾਬ' ਕਰਨ ਦੀ ਧਮਕੀ ਦਿੱਤੀ, ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਅਤੇ ਉਸ ਦੀ ਥੀਸਿਜ਼ ਜਾਂਚਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, ''ਪ੍ਰੋਫੈਸਰ ਆਪਣੀਆਂ ਵਿਦਿਆਰਥਣਾਂ ਤੋਂ ਸੈਕਸੁਅਲ ਫੇਵਰ ਦੀ ਮੰਗ ਕਰਨ ਲਈ ਜਾਣਿਆ ਜਾਂਦਾ ਹੈ।''
ਕੁਝ ਕੁੜੀਆਂ ਨੇ ਪ੍ਰੋਫੈਸਰ 'ਤੇ ਘਟੀਆ ਚੁਟਕਲੇ ਭੇਜਣ ਤੇ ਉਨ੍ਹਾਂ ਨੂੰ ਪਿੱਛਿਓਂ ਆ ਕੇ ਫੜ ਲੈਣ ਦਾ ਦੋਸ਼ ਲਾਇਆ। ਪ੍ਰੋਫੈਸਰ ਪੜ੍ਹਾਈ ਦੇ ਬਹਾਨੇ ਕੁੜੀਆਂ ਨੂੰ ਆਪਣੇ ਚੈਂਬਰ ਵਿਚ ਇਕੱਲੀ ਮਿਲਣ ਲਈ ਕਹਿੰਦਾ। ਇਕ ਵਿਦਿਆਰਥਣ ਅਨੁਸਾਰ ਜਦੋਂ ਉਸ ਨੇ ਉਸ ਨੂੰ ਆਪਣੀ ਹੱਦ ਵਿਚ ਰਹਿਣ ਲਈ ਕਿਹਾ ਤਾਂ ਉਸ ਨੇ ਉਸ ਦਾ ਰਿਸਰਚ ਵਰਕ ਜਾਂਚਣਾ ਬੰਦ ਕਰ ਦਿੱਤਾ।
20 ਮਾਰਚ ਨੂੰ ਦਿੱਲੀ ਪੁਲਸ ਨੇ ਪ੍ਰੋਫੈਸਰ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਕੁਝ ਮਿੰਟਾਂ ਵਿਚ ਹੀ ਸ਼ਰਤਾਂ ਸਮੇਤ ਜ਼ਮਾਨਤ ਮਿਲ ਗਈ। ਪ੍ਰੋਫੈਸਰ ਨੇ ਕਿਹਾ ਕਿ ਉਹ ਸਿਆਸਤ ਦਾ ਸ਼ਿਕਾਰ ਹੋਇਆ ਹੈ।
ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਵਲੋਂ ਯੂਨੀਵਰਸਿਟੀ ਕੰਪਲੈਕਸਾਂ ਤੇ ਹੋਰਨਾਂ ਵਿਦਿਅਕ ਅਦਾਰਿਆਂ ਵਿਚ ਯੌਨ ਸ਼ੋਸ਼ਣ ਦੇ ਮਾਮਲਿਆਂ ਵਿਚ ਵਾਧੇ ਦੀ ਗੱਲ ਕਬੂਲਣ ਤੇ ਵੱਖ-ਵੱਖ ਤਰੀਕਿਆਂ ਨਾਲ ਯੌਨ ਸ਼ੋਸ਼ਣ ਕੀਤੇ ਜਾਣ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਸਾਡੇ ਸਿੱਖਿਆ ਜਗਤ ਵਿਚ ਮਾਹੌਲ ਕਿਸ ਤਰ੍ਹਾਂ ਖਰਾਬ ਹੋ ਰਿਹਾ ਹੈ। ਵਿਦਿਅਕ ਅਦਾਰਿਆਂ ਵਿਚ ਵਧ ਰਹੇ ਇਸ ਮਾੜੇ ਰੁਝਾਨ 'ਤੇ ਜਿੰਨੀ ਛੇਤੀ ਰੋਕ ਲਾਈ ਜਾ ਸਕੇ, ਓਨਾ ਹੀ ਚੰਗਾ ਹੋਵੇਗਾ।                     ¸ਵਿਜੇ ਕੁਮਾਰ


Related News