ਨਵ-ਵਿਆਹੀ ਦੀ ਮੌਤ ਨੂੰ ਲੈ ਕੇ ਪਰਿਵਾਰ ਵਾਲਿਆਂ ਕੀਤਾ ਹੰਗਾਮਾ

03/23/2018 8:04:29 AM

ਪਟਿਆਲਾ (ਬਲਜਿੰਦਰ) - ਬਾਬੂ ਸਿੰਘ ਕਾਲੋਨੀ ਦੀ ਰਹਿਣ ਵਾਲੀ ਪ੍ਰੀਤੀ ਨਾਂ ਦੀ ਨਵ-ਵਿਆਹੀ ਮਹਿਲਾ ਦੀ ਅੱਜ ਇਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਹਸਪਤਾਲ ਨੂੰ ਮੌਤ ਦਾ ਦੋਸ਼ੀ ਠਹਿਰਾਉਂਦੇ ਹੋਏ ਹੰਗਾਮਾ ਕਰ ਦਿੱਤਾ। ਪ੍ਰੀਤੀ ਦਾ ਵਿਆਹ 4 ਮਹੀਨੇ ਪਹਿਲਾਂ ਪਾਣੀਪਤ ਵਾਸੀ ਮੁਨੀਸ਼ ਕਸ਼ਯਪ ਨਾਲ ਹੋਇਆ ਸੀ। ਪ੍ਰੀਤੀ ਇੱਥੇ ਆਪਣੇ ਪੇਕੇ ਪਰਿਵਾਰ ਕੋਲ ਰਹਿਣ ਆਈ ਸੀ। ਕੁੱਝ ਦਿਨ ਪਹਿਲਾਂ ਉਸ ਦੇ ਪੇਟ ਵਿਚ ਕੁੱਝ ਇਨਫੈਕਸ਼ਨ ਹੋ ਗਈ। ਉਸ ਨੂੰ 19 ਮਾਰਚ ਨੂੰ ਇਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਅੱਜ ਬਾਅਦ ਦੁਪਹਿਰ ਹਸਪਤਾਲ ਵਾਲਿਆਂ ਨੇ ਇਹ ਕਹਿ ਕੇ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਕਿ ਉਸ ਦੇ ਇਲਾਜ ਲਈ ਜਿਹੜੀਆਂ ਮਸ਼ੀਨਾਂ ਚਾਹੀਦੀਆਂ ਹਨ, ਉਹ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਲ ਹਨ।
ਜਦੋਂ ਪਰਿਵਾਰ ਵਾਲਿਆਂ ਨੇ ਗੱਡੀ ਵਿਚ ਦੇਖਿਆ ਤਾਂ ਪ੍ਰੀਤੀ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪ੍ਰੀਤੀ ਦੇ ਪੇਕਾ ਪਰਿਵਾਰ ਦੇ ਕਾਫੀ ਲੋਕ ਇਕੱਠੇ ਹੋ ਗਏ। ਉਨ੍ਹਾਂ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਕਾਫੀ ਦੇਰ ਹੰਗਾਮਾ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਜ਼ ਦੇ ਐੈੱਸ. ਐੈੱਚ. ਓ. ਭੁਪਿੰਦਰ ਸਿੰਘ, ਕੋਤਵਾਲੀ ਦੇ ਐੈੱਸ. ਐੈੱਚ. ਓ. ਰਾਹੁਲ ਕੌਸ਼ਲ, ਬਖਸ਼ੀਵਾਲ ਦੇ ਐੱਸ. ਐੱਚ. ਓ. ਗੁਰਨਾਮ ਸਿੰਘ, ਲਾਹੌਰੀ ਗੇਟ ਦੇ ਐੱਸ. ਐੈੱਚ. ਓ. ਜਾਨਪਾਲ, ਥਾਣਾ ਡਵੀਜ਼ਨ ਨੰ. 2 ਦੇ ਐੈੱਸ. ਐੈੱਚ. ਓ. ਸੁਰਿੰਦਰ ਭੱਲਾ ਅਤੇ ਮਾਡਲ ਟਾਊਨ ਚੌਕੀ ਦੇ ਇੰਚਾਰਜ ਗੁਰਦੀਪ ਸਿੰਘ ਮੌਕੇ 'ਤੇ ਪਹੁੰਚੇ। ਕਾਫੀ ਦੇਰ ਮਾਹੌਲ ਗਰਮ ਰਿਹਾ ਪਰ ਸ਼ਾਮ ਤੱਕ ਹੌਲੀ-ਹੌਲੀ ਕਰ ਕੇ ਪਰਿਵਾਰ ਵਾਲੇ ਸ਼ਾਂਤ ਹੋ ਗਏ।
ਮਾਡਲ ਟਾਊਨ ਚੌਕੀ ਦੇ ਇੰਚਾਰਜ ਐੈੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਭਲਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


Related News