ਡਾਓ ਜੋਂਸ ''ਚ 725 ਅੰਕ ਦੀ ਜ਼ੋਰਦਾਰ ਗਿਰਾਵਟ

03/23/2018 7:58:33 AM

ਵਾਸ਼ਿੰਗਟਨ— ਅਮਰੀਕੀ-ਚੀਨੀ ਵਪਾਰ ਯੁੱਧ ਕਾਰਨ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕਾ ਨੇ 60 ਅਰਬ ਡਾਲਰ ਦੇ ਚੀਨੀ ਇੰਪੋਰਟ 'ਤੇ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਟਰੰਪ ਪ੍ਰਸ਼ਾਸਨ ਹੋਰ ਵੀ ਕਈ ਕਦਮ ਉਠਾ ਸਕਦਾ ਹੈ। ਅਮਰੀਕਾ ਵੱਲੋਂ 15 ਦਿਨਾਂ 'ਚ ਚੀਜ਼ਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਇਸ ਸੂਚੀ 'ਚ 1300 ਚੀਨੀ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ, ਜਿਨ੍ਹਾਂ 'ਤੇ ਇੰਪੋਰਟ ਡਿਊਟੀ ਲੱਗੇਗੀ। ਉੱਥੇ ਹੀ, ਚੀਨ ਨੇ ਪਲਟਵਾਰ ਕਰਦੇ ਹੋਏ 128 ਅਮਰੀਕੀ ਸਾਮਾਨਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ 'ਚ ਸ਼ਰਾਬ, ਫਲ, ਸਟੀਲ 'ਤੇ ਡਿਊਟੀ ਲਗਾਈ ਜਾ ਸਕਦੀ ਹੈ। ਚੀਨ ਦੇ ਕਾਮਰਸ ਮੰਤਰਾਲੇ ਨੇ ਕਿਹਾ ਕਿ ਜੇਕਰ ਵਾਸ਼ਿੰਗਟਨ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਬੀਜਿੰਗ ਦੋ ਪੜਾਵਾਂ 'ਚ 128 ਅਮਰੀਕੀ ਸਾਮਾਨਾਂ 'ਤੇ ਜਵਾਬੀ ਕਦਮ ਚੁੱਕੇਗਾ। ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਦਾ ਅਸਰ ਵੀਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਤੇ ਦੇਖਣ ਨੂੰ ਮਿਲਿਆ। 
ਵਪਾਰ ਯੁੱਧ ਦੀ ਸੰਭਾਵਨਾ ਅਤੇ ਟੈੱਕ ਸ਼ੇਅਰਾਂ 'ਚ ਗਿਰਾਵਟ ਕਾਰਨ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੱਡੀ ਗਿਰਾਵਟ ਨਾਲ ਬੰਦ ਹੋਏ। ਉੱਥੇ ਹੀ ਬੈਂਕਿੰਗ ਸ਼ੇਅਰਾਂ 'ਚ ਗਿਰਾਵਟ ਨਾਲ ਬਾਜ਼ਾਰ 'ਤੇ ਖਾਸਾ ਅਸਰ ਦੇਖਣ ਨੂੰ ਮਿਲਿਆ। ਕੇਟਰਪਿਲਰ, 3ਐੱਮ ਅਤੇ ਬੋਇੰਗ 'ਚ ਜ਼ੋਰਦਾਰ ਗਿਰਾਵਟ ਨਾਲ ਡਾਓ ਜੋਂਸ 724.42 ਅੰਕ ਦੀ ਗਿਰਾਵਟ ਨਾਲ 23,957.89 ਦੇ ਪੱਧਰ 'ਤੇ ਬੰਦ ਹੋਇਆ। ਬੋਇੰਗ 5.2 ਫੀਸਦੀ ਡਿੱਗਿਆ, ਜਦੋਂ ਕਿ ਕੇਟਰਪਿਲਰ ਅਤੇ 3ਐੱਮ 'ਚ ਕ੍ਰਮਵਾਰ 5.7 ਫੀਸਦੀ ਅਤੇ 4.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਟੈੱਕ ਅਤੇ ਫਾਈਨਾਂਸ਼ਲ ਸਮੇਤ 11 ਸੈਕਟਰਾਂ 'ਚੋਂ 7 'ਚ ਗਿਰਾਵਟ ਕਾਰਨ ਐੱਸ. ਐਂਡ. ਪੀ.-500 ਇੰਡੈਕਸ 2.5 ਫੀਸਦੀ ਟੁੱਟ ਕੇ 2,643.69 'ਤੇ ਬੰਦ ਹੋਇਆ। ਇਸ 'ਚ ਫਾਈਨਾਂਸ਼ਲ ਸੈਕਟਰ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ। ਇਸ ਦੇ ਇਲਾਵਾ ਨੈਸਡੈਕ ਕੰਪੋਜਿਟ 2.4 ਫੀਸਦੀ ਡਿੱਗ ਕੇ 7,166.68 'ਤੇ ਬੰਦ ਹੋਇਆ।


Related News