ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ ਲਈ 20 ਕਰੋੜ ਦਾ ਬਜਟ

3/23/2018 7:45:54 AM

ਸ੍ਰੀ ਚਮਕੌਰ ਸਾਹਿਬ  (ਕੌਸ਼ਲ) - ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ਇਸ ਸਾਲ ਦੌਰਾਨ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿਚੋਂ ਪਿੰਡਾਂ ਦੇ ਵਿਕਾਸ 'ਤੇ ਹੁਣ ਤਕ ਲਗਭਗ 19 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜ਼ਿਲਾ ਰੂਪਨਗਰ ਅੰਦਰ ਮਗਨਰੇਗਾ ਸਕੀਮ ਅਧੀਨ 36 ਹਜ਼ਾਰ ਜਾਬ ਕਾਰਡ ਬਣਾਏ ਹੋਏ ਹਨ, ਜਿਨ੍ਹਾਂ 'ਤੇ 50790 ਵਰਕਰ ਰਜਿਸਟਰਡ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਨੇ ਜ਼ਿਲੇ ਵਿਚ ਮਗਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਰੀਵਿਊ ਕਰਨ ਮੌਕੇ ਕੀਤਾ। ਬੀਤੇ ਮਹੀਨੇ ਦੌਰਾਨ ਘੱਟ ਟੀਚੇ ਪ੍ਰਾਪਤ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਮਿੱਥੇ ਟੀਚੇ ਪ੍ਰਾਪਤ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਇਸ ਤਹਿਤ 10900 ਪਰਿਵਾਰਾਂ ਦੇ ਮੈਂਬਰਾਂ ਨੂੰ 4,60,000 ਦਿਹਾੜੀਆਂ ਦਾ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਪਿੰਡ ਵਿਚ ਕਿਸੇ ਵੀ ਕਿਸਮ ਦਾ ਵਿਕਾਸ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ, ਇਸ ਲਈ ਪਿੰਡਾਂ ਵਿਚ ਵਿਕਾਸ ਕੰਮ ਕਰਵਾਉਂਦੇ ਹੋਏ ਇਨ੍ਹਾਂ ਨੂੰ ਸ਼ਹਿਰਾਂ ਵਰਗੀ ਦਿੱਖ ਦਿੱਤੀ ਜਾਵੇ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਡਰੇਨੇਜ ਵਿਭਾਗ ਨੂੰ ਮਗਨਰੇਗਾ ਤਹਿਤ ਡਰੇਨੇਜ ਦੀ ਸਫਾਈ ਕਰਾਉਣ ਲਈ ਵੀ ਆਖਿਆ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਉਨ੍ਹਾਂ ਵਲੋਂ ਕਰਵਾਏ ਜਾ ਰਹੇ ਕੰਮਾਂ ਵਿਚ ਮਗਨਰੇਗਾ ਦੀ ਲੇਬਰ ਲਾਉਣ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਤਹਿਤ ਪਿੰਡਾਂ ਵਿਚ ਖੇਡ ਸਟੇਡੀਅਮ, ਖੇਡ ਲਈ ਮੈਦਾਨ ਆਦਿ ਬਣਾਉਣ ਦੀ ਸ਼ਨਾਖਤ ਕਰ ਲਈ ਜਾਵੇ।
ਮੀਟਿੰਗ ਦੌਰਾਨ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਮਗਨਰੇਗਾ ਸਕੀਮ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਤੇ ਇਸ ਤਹਿਤ ਕੋਈ ਵੀ ਕਾਮਾ ਆਪਣੇ ਘਰ ਨੇੜੇ ਹੀ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ 280 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਜ਼ਿਲੇ ਦੇ 5 ਬਲਾਕਾਂ ਵਿਚਲੇ ਪਿੰਡਾਂ ਵਿਚ 25 ਪਾਰਕ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਨ੍ਹਾਂ ਵਿਚੋਂ 18 ਦੀ ਸ਼ਨਾਖਤ ਕਰ ਲਈ ਗਈ ਹੈ ਤੇ ਇਨ੍ਹਾਂ 9 ਪਿੰਡਾਂ ਵਿਚ ਪਾਰਕ ਬਣਾਉਣ ਦਾ ਕੰਮ ਸ਼ੁਰੂ ਵੀ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਤਹਿਤ 50790 ਕਾਮਿਆਂ ਨੇ ਖੁਦ ਨੂੰ ਕੰਮ ਹਿਤ ਰਜਿਸਟਰ ਕਰਵਾਇਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੌਰਾਨ ਪੇਂਡੂ ਸੜਕਾਂ ਦੀ ਉਸਾਰੀ, ਹੜ੍ਹ ਕੰਟਰੋਲ ਤੇ ਸੁਰੱਖਿਆ, ਪਾਣੀ ਦੀ ਸੰਭਾਲ ਤੇ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨਾ, ਸੋਕੇ ਤੋਂ ਬਚਾਅ ਲਈ ਕੰਮ, ਸਿੰਚਾਈ ਦੇ ਛੋਟੇ ਕੰਮ (ਖਾਲਾਂ, ਸੂਇਆਂ ਦੀ ਮੁਰੰਮਤ ਤੇ ਸਫਾਈ) ਪੇਂਡੂ ਛੱਪੜਾਂ ਦੀ ਪੁਟਾਈ ਤੇ ਸਫਾਈ/ਸੁਧਾਰ, ਲੈਂਡ ਡਿਵੈਲਪਮੈਂਟ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਉਸਾਰੀ, ਪੇਂਡੂ ਪੀਣ ਵਾਲੇ ਪਾਣੀ ਦੀ ਸਹੂਤਲਾਂ ਲਈ ਕੰਮ, ਪਾਰਕ ਬਣਾਉਣ ਲਈ, ਮੱਛੀ ਪਾਲਣ ਲਈ, ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ, ਆਂਗਣਵਾੜੀ ਸੈਂਟਰਾਂ ਦੀ ਉਸਾਰੀ, ਖੇਡ ਮੈਦਾਨ ਤਿਆਰ ਕਰਨਾ, ਬੂਟਾ ਲਾਉਣਾ ਆਦਿ ਵੀ ਕਰਵਾਏ ਜਾ ਸਕਦੇ ਹਨ ।
ਮੀਟਿੰਗ ਦੌਰਾਨ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਨੇਤਰ ਸਿੰਘ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ, ਰਾਜਵਿੰਦਰ ਕੌਰ ਬੀ. ਡੀ. ਪੀ. ਓ., ਕਾਰਜਕਾਰੀ ਇੰਜੀਨੀਅਰ ਤੇਜਪਾਲ ਸਿੰਘ ਤੇ ਸੁਖਜਿੰਦਰ ਸਿੰਘ ਕਲਸੀ ਆਦਿ ਹਾਜ਼ਰ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News