ਭਾਰਤ ਨੂੰ ਸੜਕੀ ਅੱਤਵਾਦ ਤੋਂ ਬਚਾਉਣ ਲਈ 20 ਸਾਲਾਂ ਤੋਂ ਜੂਝ ਰਿਹੈ ਇੰਗਲੈਂਡ ਵਾਸੀ ਅਮਰੀਕ ਸਿੰਘ ਢਿੱਲੋਂ

03/23/2018 7:43:31 AM

ਲੰਡਨ, (ਮਨਦੀਪ ਖੁਰਮੀ)— ਪੰਜਾਬ 'ਚ ਆਏ ਦਿਨ ਟੱਬਰਾਂ ਦੇ ਟੱਬਰ ਸੜਕ ਹਾਦਸਿਆਂ ਦੀ ਭੇਟ ਚੜ੍ਹਨ ਦੀਆਂ ਖ਼ਬਰਾਂ ਖ਼ੂਨ ਦੇ ਅੱਥਰੂ ਵਹਾਉਣ ਲਈ ਮਜਬੂਰ ਕਰਦੀਆਂ ਹਨ। ਪ੍ਰਦੇਸ 'ਚ ਬੈਠਾ ਕੋਈ ਜਨੂੰਨੀ ਸ਼ਖ਼ਸ ਆਪਣੀ ਧਰਤੀ ਦੇ ਲੋਕਾਂ ਲਈ ਕਿਸੇ ਵਿਸ਼ੇਸ਼ ਕਾਨੂੰਨ, ਲੋਕਾਂ ਨੂੰ ਜਾਗਰੂਕ ਕਰਨ ਲਈ ਦੇਸ਼ਵਿਆਪੀ ਲਹਿਰ ਉਸਾਰਨ ਲਈ ਆਪਣੇ 20 ਸਾਲ ਇਸ ਮਹਾਨ ਕਾਰਜ ਦਾ ਮੁੱਢ ਬੰਨ੍ਹਣ ਲੇਖੇ ਲਾਈ ਬੈਠਾ ਹੋਵੇ ਅਤੇ ਉਸ ਦੀ ਸਰਕਾਰੇ-ਦਰਬਾਰੇ ਕੋਈ ਗੱਲ ਸੁਣਨ ਲਈ ਵੀ ਤਿਆਰ ਨਾ ਹੋਵੇ ਤਾਂ ਦੁੱਖ ਹੋਣਾ ਸੁਭਾਵਿਕ ਹੈ। 1998 ਤੋਂ ਲੈ ਕੇ ਹੁਣ ਤੱਕ ਭਾਰਤ ਦੇ ਉੱਚਕੋਟੀ ਦੇ ਨੇਤਾਵਾਂ ਸਮੇਤ ਪੰਜਾਬ ਦੇ ਨੇਤਾਵਾਂ, ਅਫ਼ਸਰਾਂ ਨੂੰ ਸੈਂਕੜੇ ਦੀ ਤਾਦਾਦ 'ਚ ਪਾਈਆਂ ਚਿੱਠੀਆਂ ਰੂਪੀ ਗੁਹਾਰਾਂ ਵੀ ਪੱਲੇ ਕੁਝ ਨਾ ਪਾਉਣ ਤਾਂ ਨਿੱਕੇ ਦਿਲ ਵਾਲਾ ਇਨਸਾਨ ਸ਼ਾਇਦ ਹਾਰ ਮੰਨ ਜਾਵੇ ਪਰ ਇੰਗਲੈਂਡ ਦੇ ਇਲਫੋਰਡ ਸ਼ਹਿਰ ਦਾ ਵਸਨੀਕ ਅਮਰੀਕ ਸਿੰਘ ਢਿੱਲੋਂ ਦੀ ਰਗ-ਰਗ ਵਿਚੋਂ ਪੰਜਾਬ ਬੋਲਦੇ ਹੋਣ ਦਾ ਸਬੂਤ ਹੀ ਹੈ ਕਿ ਹੁਣ ਤੱਕ ਪੱਲੇ ਪਈਆਂ ਹਾਰਾਂ ਵੀ ਉਸ ਦਾ ਰਾਹ ਨਾ ਰੋਕ ਸਕੀਆਂ ਤੇ ਉਸ ਨੇ ਸਮੁੱਚੇ ਭਾਰਤ ਨੂੰ ਸੜਕੀ ਅੱਤਵਾਦ ਦੇ ਮੂੰਹ 'ਚੋਂ ਕੱਢਣ ਲਈ ਇਕ ਜਾਣਕਾਰੀ ਭਰਪੂਰ ਕਿਤਾਬ ਦਾ ਖਰੜਾ ਤਿਆਰ ਕਰ ਲਿਆ। ਅਮਰੀਕ ਸਿੰਘ ਢਿੱਲੋਂ ਦਾ ਦਾਅਵਾ ਹੈ ਕਿ ਜੇਕਰ ਉਸਦੀ ਬਾਂਹ ਫੜ ਲਈ ਜਾਵੇ ਤੇ ਇਹ ਕਿਤਾਬ ਛਪ ਕੇ ਆਮ ਲੋਕਾਂ ਦੇ ਹੱਥਾਂ ਤੱਕ ਪਹੁੰਚ ਜਾਵੇ ਤਾਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਕ ਵਾਰ ਸੜਕੀ ਆਵਾਜਾਈ ਸਬੰਧੀ ਨਿਯਮਾਂ ਦਾ ਗਿਆਨ ਹਾਸਲ ਵਿਅਕਤੀ ਸੜਕ ਉਪਰ ਗੈਰ-ਜ਼ਿੰਮੇਵਾਰ ਹੋ ਕੇ ਵਾਹਨ ਨਹੀਂ ਚਲਾਏਗਾ।
ਸਿਤਮ ਦੀ ਗੱਲ ਇਹ ਹੈ ਕਿ 1998 ਤੋਂ ਲੈ ਕੇ ਉਸ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਨੀਤ ਕੌਰ, ਰਾਣਾ ਗੁਰਜੀਤ ਸਿੰਘ, ਸਾਬਕਾ ਡੀ. ਜੀ. ਪੀ. ਸਰਬਜੀਤ ਸਿੰਘ ਵਿਰਕ, ਆਈ. ਜੀ. ਟ੍ਰੈਫਿਕ ਸਮੇਤ ਕੋਈ ਅਜਿਹਾ ਨੇਤਾ ਜਾਂ ਅਫ਼ਸਰ ਛੱਡਿਆ ਨਹੀਂ ਜਿਸ ਅੱਗੇ ਆਪਣੀ ਬਾਤ ਪਾਉਣ ਦੀ ਗੁਸਤਾਖ਼ੀ ਨਾ ਕੀਤੀ ਹੋਵੇ। ਇਨ੍ਹਾਂ ਚਿੱਠੀਆਂ ਦਾ ਅਸਰ ਸਿਰਫ਼ ਇਹੀ ਰਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਦਲ ਵੱਲੋਂ ਮੋੜਵੀਂ ਚਿੱਠੀ 'ਚ ਸਾਬਾਸ਼ ਰੂਪੀ ਚਾਰ ਸ਼ਬਦ ਲਿਖ ਕੇ ਪੱਲਾ ਛੁਡਾ ਲਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਸਦੀ ਚਿੱਠੀ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੀ ਪੰਜਾਬ ਦੇ ਮੁੱਖ ਸਕੱਤਰ ਨਾਲ ਮਿਲਣੀ ਤੈਅ ਕਰਵਾ ਦਿੱਤੀ ਪਰ ਉਸਨੇ ਵੀ ਅੱਗੇ ਡੀ. ਜੀ. ਪੀ. ਵਿਰਕ ਨਾਲ ਰਾਬਤਾ ਕਰਵਾ ਦਿੱਤਾ ਤੇ ਉਹ ਆਪਣੇ ਹੱਥ ਖੜ੍ਹੇ ਕਰ ਗਏ। ਜਦੋਂ ਕਿ ਪੰਜਾਬ ਦੀ ਅਜੋਕੀ ਕਾਂਗਰਸ ਸਰਕਾਰ ਦੇ ਇਕ ਵਿਧਾਇਕ ਨੇ ਕਿਹਾ ਕਿ ਤੁਹਾਡੀ ਕਿਤਾਬ ਦੇ ਖਰੜੇ ਜਾਂ ਹਾਦਸਿਆਂ ਦੇ ਮਾਮਲੇ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ। ਐਨੀਆਂ ਬੇਰੁਖ਼ੀਆਂ ਝੱਲਣ ਦੇ ਬਾਅਦ ਵੀ ਅਮਰੀਕ ਸਿੰਘ ਢਿੱਲੋਂ ਹਰ ਸਾਲ ਪੰਜਾਬ ਆ ਕੇ ਕਿਸੇ ਨਾ ਕਿਸੇ ਅਫ਼ਸਰ ਜਾਂ ਨੇਤਾ ਨੂੰ ਮਿਲ ਕੇ ਅਲਖ ਜਗਾਉਂਦਾ ਰਿਹਾ ਪਰ ਕੋਈ ਵੀ ਉਸਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨ ਨੂੰ ਤਿਆਰ ਨਹੀਂ ਹੋਇਆ। 
ਢਿੱਲੋਂ ਦਾ ਮਕਸਦ ਕਿਤਾਬ ਛਪਵਾ ਕੇ ਪੈਸੇ ਕਮਾਉਣਾ ਨਹੀਂ, ਸਗੋਂ ਉਹ ਤਾਂ ਆਪਣੀ 20 ਸਾਲ ਦੀ ਮਿਹਨਤ ਈਮਾਨਦਾਰ ਹੱਥਾਂ 'ਚ ਫੜਾਉਣ ਲਈ ਮਿੰਨਤਾਂ ਤਰਲੇ ਕਰ ਰਿਹਾ ਹੈ ਤਾਂ ਜੋ ਕਿਸੇ ਸਰਕਾਰੀ ਵਿਭਾਗ ਦੀ ਛਤਰ ਛਾਇਆ ਹੇਠ ਇਹ ਰਾਮਬਾਣ ਵਰਗੀ ਕਿਤਾਬ ਪੰਜਾਬ ਦੇ ਘਰ-ਘਰ ਤੱਕ ਪਹੁੰਚ ਸਕੇ। ਆਕਸਫੋਰਡ ਸ਼ਹਿਰ 'ਚ ਏਸ਼ੀਅਨ ਕਲਚਰਲ ਅਫ਼ਸਰ ਵਜੋਂ 7 ਸਾਲ ਸੇਵਾ ਨਿਭਾ ਚੁੱਕੇ ਅਮਰੀਕ ਸਿੰਘ ਢਿੱਲੋਂ ਨੂੰ ਆਕਸਫੋਰਡ ਵਰਗੇ ਪੁਰਾਣੇ ਸ਼ਹਿਰ ਦੀ ਆਵਾਜਾਈ ਕੰਟਰੋਲ ਪ੍ਰਣਾਲੀ ਨੇ ਇਸ ਕਦਰ ਟੁੰਬਿਆ ਕਿ ਉਸ ਅੰਦਰ ਭਾਰਤ ਦੇ ਟ੍ਰੈਫਿਕ ਸੁਧਾਰਾਂ ਸਬੰਧੀ ਕੁਝ ਕਰਨ ਦਾ ਬੀਜ ਬੀਜਿਆ ਗਿਆ। ਅਮਰੀਕ ਸਿੰਘ ਢਿੱਲੋਂ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਰਾਹੀਂ ਵਾਸਤਾ ਪਾਇਆ ਸੀ। ਇਕ ਨਵੀਂ ਆਸ ਲੈ ਕੇ ਅੱਜਕੱਲ ਫਿਰ ਪੰਜਾਬ ਆਏ ਹੋਏ ਅਮਰੀਕ ਸਿੰਘ ਢਿੱਲੋਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੋਸ਼ਿਸ਼ਾਂ ਦਾ ਗਲਾ ਘੁੱਟ ਕੇ ਹਾਰ ਮੰਨਣ ਨਾਲੋਂ ਆਖਰੀ ਸਾਹ ਤੱਕ ਹੁੰਗਾਰੇ ਦੀ ਉਡੀਕ 'ਚ ਬਾਤਾਂ ਪਾਉਂਦੇ ਰਹਿਣਗੇ।


Related News