ਸੀ. ਬੀ. ਆਈ. ਦੇ ਢਾਂਚੇ ਨੂੰ ਤੁਰੰਤ ਖਾਰਜ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

03/23/2018 7:35:41 AM

ਜਲੰਧਰ (ਚਾਵਲਾ) - ਕੇਂਦਰੀ ਜਾਂਚ ਬਿਊਰੋ ਦੀ ਲੋੜ ਬਿਲਕੁਲ ਖਤਮ ਹੋ ਗਈ ਹੈ। ਇਸ ਲਈ ਕਾਤਲਾਂ ਦਾ ਬਚਾਓ ਕਰਨ ਵਾਲੀ ਸੀ. ਬੀ. ਆਈ. ਦੇ ਢਾਂਚੇ ਨੂੰ ਤੁਰੰਤ ਖਾਰਜ ਕਰਨ ਦਾ ਆਦੇਸ਼ ਰਾਸ਼ਟਰਪਤੀ ਨੂੰ ਜਾਰੀ ਕਰਨਾ ਚਾਹੀਦਾ ਹੈ ਜਾਂ ਫਿਰ 1984 ਸਿੱਖ ਕਤਲੇਆਮ ਦੇ ਸੀ. ਬੀ. ਆਈ. ਦੇ ਕੋਲ ਚੱਲ ਰਹੇ ਕੇਸਾਂ ਦੀ ਨਿਗਰਾਨੀ ਹਾਈ ਕੋਰਟ ਦੇ ਜੱਜ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਕਤ ਮੰਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਮਾਮਲੇ 'ਚ ਸੀ. ਬੀ. ਆਈ. ਬਿਲਕੁਲ ਪੱਖਪਾਤੀ ਸਾਬਿਤ ਹੋਈ ਹੈ। ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ਼ ਕਾਤਲ ਦੇ ਰੂਪ 'ਚ ਨਾਂਗਲੋਈ ਥਾਣੇ ਦੀ 67/87 ਐੱਫ. ਆਈ. ਆਰ. ਦੀ ਚਾਰਜਸ਼ੀਟ 1992 'ਚ ਤਿਆਰ ਹੋ ਗਈ ਸੀ ਜੋ ਕਿ 26 ਸਾਲ ਦੇ ਬਾਅਦ ਵੀ ਅਦਾਲਤ ਦੇ ਸਾਹਮਣੇ ਨਹੀਂ ਆਈ ਹੈ, ਕਿਉਂਕਿ ਸਾਬਕਾ ਏ. ਸੀ. ਪੀ. ਰਾਜੀਵ ਰੰਜਨ ਨੇ ਇਕ ਦੂਜੀ ਐੱਫ਼. ਆਈ. ਆਰ. 418/91 ਦੇ ਨਾਲ 1992 'ਚ ਐੱਫ. ਆਈ. ਆਰ. 67/87 ਨੂੰ ਨੱਥੀ ਕਰ ਦਿੱਤੀ ਸੀ, ਤਾਂ ਜੋ ਸੱਜਣ ਕੁਮਾਰ ਨੂੰ ਕਤਲ ਦੇ ਦੋਸ਼ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ  ਸੀ. ਬੀ. ਆਈ. ਨੇ ਸੱਜਣ ਕੁਮਾਰ ਦੀ ਕਠਪੁਤਲੀ ਬਣਕੇ ਕਾਰਜ ਕੀਤਾ ਹੈ। ਇਸਦੀ ਸ਼ਿਕਾਇਤ ਅਸੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਕੋਲ ਵੀ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਸੱਜਣ ਕੁਮਾਰ ਨੂੰ ਇਸ ਮਾਮਲੇ 'ਚ ਜੇਲ ਭੇਜਣ ਤਕ ਸੰਘਰਸ਼ ਜਾਰੀ ਰੱਖੇਗਾ। 26 ਸਾਲ ਤੋਂ ਲਾਪਤਾ ਚਾਰਜਸ਼ੀਟ ਨੂੰ ਉਸਦੇ ਅੰਜਾਮ ਤਕ ਪਹੁੰਚਾਉਣ 'ਚ ਅਜੇ ਦਿੱਲੀ ਕਮੇਟੀ ਨੂੰ ਸ਼ੁਰੂਆਤੀ ਕਾਮਯਾਬੀ ਪ੍ਰਾਪਤ ਹੋਈ ਹੈ।  


Related News