ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਇਕ ਸੁਪਰ ਪਾਵਰ ਵਜੋਂ ਜਾਣਿਆ ਜਾਵੇਗਾ

03/23/2018 7:24:32 AM

ਹਲਵਾਰਾ/ ਲੁਧਿਆਣਾ (ਸਲੂਜਾ) - ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਭਰ 'ਚ ਆਰਥਿਕ ਅਤੇ ਫੌਜੀ ਸ਼ਕਤੀ ਵਜੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਨੂੰ ਇਕ ਸੁਪਰ ਪਾਵਰ ਵਜੋਂ ਜਾਣਿਆ ਜਾਵੇਗਾ।
ਰਾਸ਼ਟਰਪਤੀ ਨੇ ਅੱਜ ਇਥੇ ਹਲਵਾਰਾ ਹਵਾਈ ਸੈਨਾ ਸਟੇਸ਼ਨ 'ਤੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਵਿਸ਼ਵ ਸ਼ਾਂਤੀ ਲਈ ਕੰਮ ਕਰਨ ਦੇ ਨਾਲ ਹੀ ਸਰਹੱਦਾਂ ਦੀ ਰਾਖੀ ਕਰਨ ਤੋਂ ਝਿਜਕਣਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜਾਂ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਹਿੱਤ ਵਚਨਬੱਧ ਹਨ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ ਕਿ ਹਲਵਾਰਾ ਹਵਾਈ ਸੈਨਾ ਸਟੇਸ਼ਨ ਦੀ 1965, 1971 ਦੀ ਜੰਗ ਅਤੇ ਕਾਰਗਿਲ ਆਪ੍ਰੇਸ਼ਨ ਵਿਚ ਅਹਿਮ ਭੂਮਿਕਾ ਰਹੀ ਹੈ। ਭਾਰਤੀ ਫੌਜਾਂ ਦੇ ਪੁਰਾਤਨ ਇਤਿਹਾਸ ਅਤੇ ਪ੍ਰਾਪਤੀਆਂ 'ਤੇ ਹਰ ਦੇਸ਼ ਵਾਸੀ ਨੂੰ ਮਾਣ ਹੈ। ਉਨ੍ਹਾਂ ਦੇਸ਼ ਦੀ ਏਕਤਾ, ਨਿਸ਼ਠਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੀ ਤੇਜਸਵੀ ਫੌਜੀ ਪ੍ਰੰਪਰਾਵਾਂ ਨੂੰ ਯਾਦ ਕੀਤਾ।
51 ਸਕੁਐਡਰਨ ਨੂੰ ਰਾਸ਼ਟਰਪਤੀ ਨਿਸ਼ਾਨ ਤੇ 230 ਸਿਗਨਲ ਯੂਨਿਟ ਨੂੰ ਰਾਸ਼ਟਰਪਤੀ ਸਨਮਾਨ
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹਲਵਾਰਾ ਹਵਾਈ ਸੈਨਾ ਸਟੇਸ਼ਨ 'ਤੇ ਪੁੱਜ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ 51 ਸਕੁਐੈਡਰਨ ਦੇ ਗਰੁੱਪ ਕੈਪਟਨ ਸਤੀਸ਼ ਐੱਸ. ਪਵਾਰ ਕਮਾਂਡਿੰਗ ਅਫਸਰ ਨੂੰ ਰਾਸ਼ਟਰਪਤੀ ਨਿਸ਼ਾਨ ਅਤੇ 230 ਸਿਗਨਲ ਯੂਨਿਟ ਦੇ ਗਰੁੱਪ ਕੈਪਟਨ ਐੱਸ. ਕੇ. ਤ੍ਰਿਪਾਠੀ ਸਟੇਸ਼ਨ ਕਮਾਂਡਰ ਨੂੰ ਰਾਸ਼ਟਰਪਤੀ ਸਨਮਾਨ ਭੇਟ ਕਰਦੇ ਹੋਏ ਕਿਹਾ ਕਿ ਹਥਿਆਰਬੰਦ ਫੌਜਾਂ ਲਈ ਰਾਸ਼ਟਰਪਤੀ ਸਨਮਾਨ ਅਤੇ ਰਾਸ਼ਟਰਪਤੀ ਨਿਸ਼ਾਨ ਸਭ ਤੋਂ ਉੱਚਾ ਸਨਮਾਨ ਹੁੰਦਾ ਹੈ, ਜੋ ਸ਼ਾਂਤੀ ਅਤੇ ਜੰਗ ਦੌਰਾਨ ਰਾਸ਼ਟਰ ਦੀ ਸੁਰੱਖਿਆ 'ਚ ਅਹਿਮ ਯੋਗਦਾਨ ਲਈ ਫੌਜੀ ਟੁਕੜੀਆਂ ਨੂੰ ਦਿੱਤਾ ਜਾਂਦਾ ਹੈ। ਇਹ ਦੂਜੀ ਵਾਰ ਹੈ ਜਦੋਂ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਪੰਜਾਬ ਵਿਚ ਕਿਸੇ ਹਵਾਈ ਸੈਨਾ ਯੂਨਿਟ ਨੂੰ ਰਾਸ਼ਟਰਪਤੀ ਸਨਮਾਨ ਦਿੱਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਵੱਲੋਂ ਹਵਾਈ ਸੈਨਾ ਸਟੇਸ਼ਨ ਆਦਮਪੁਰ ਨੂੰ ਨਵੰਬਰ 2017 ਵਿਚ ਇਹ ਸਨਮਾÎਨ ਦਿੱਤਾ ਗਿਆ ਸੀ।
ਰਾਸ਼ਟਰਪਤੀ ਨੂੰ ਦਿੱਤੀ ਰਾਸ਼ਟਰੀ ਸਲਾਮੀ-ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੂੰ ਗਰੁੱਪ ਕਮਾਂਡਰ ਹਰਪ੍ਰੀਤ ਸਿੰਘ ਲੂਥਰਾ ਦੀ ਅਗਵਾਈ 'ਚ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਇਕ ਸ਼ਾਨਦਾਰ ਪਰੇਡ ਰਾਹੀਂ ਰਾਸ਼ਟਰੀ ਸਲਾਮੀ ਦਿੱਤੀ। ਹਲਵਾਰਾ ਹਵਾਈ ਸੈਨਾ ਸਟੇਸ਼ਨ ਦੇ ਬੈਂਡ ਸਟਾਫ ਨੇ ਵੀ ਸਵਾਗਤੀ ਧੁਨਾਂ ਵਜਾ ਕੇ ਸਭ ਤੋਂ ਉੱਚ ਸੈਨਾ ਨਾਇਕ ਦਾ ਜ਼ੋਰਦਾਰ ਸਵਾਗਤ ਕੀਤਾ। ਰਾਸ਼ਟਰਪਤੀ ਦੇ ਸਨਮਾਨ 'ਚ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੇ ਭਾਰਤ ਮਾਤਾ ਦੀ ਜੈ ਅਤੇ ਰਾਸ਼ਟਰਪਤੀ ਦੀ ਜੈ ਦੇ ਨਾਅਰੇ ਲਾਏ ਤਾਂ ਸਮੁੱਚਾ ਪਰੇਡ ਮੈਦਾਨ ਗੂੰਜਣ ਲੱਗਾ।


Related News