ਰੋਟੀ ਤੋਂ ਮੁਥਾਜ ਬਜ਼ੁਰਗ ਮਾਤਾ ਤੇ ਉਸ ਦੇ ਪੁੱਤਰਾਂ ਦੀ ਫੜੂ ਕੋਈ ਬਾਂਹ

03/23/2018 7:24:53 AM

ਚੋਹਲਾ ਸਾਹਿਬ,  (ਮਨਜੀਤ)-  ਸਾਡੀਆਂ ਸਮੇਂ-ਸਮੇਂ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੇਸ਼ ਤੇ ਸੂਬੇ 'ਚ ਗਰੀਬ, ਬੇਸਹਾਰਾ ਤੇ ਲੋੜਵੰਦਾਂ ਨੂੰ ਬਣਦੀਆਂ ਸਹੂਲਤਾਂ ਸੌ ਫੀਸਦੀ ਦੇਣ ਦੀਆਂ ਅਕਸਰ ਡੀਂਗਾਂ ਮਾਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਸਰਕਾਰਾਂ ਦੇ ਉਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਘੜੰਮ ਚੌਧਰੀ ਆਪਣਾ ਉੱਲੂ ਝੂਠ-ਸੱਚ ਮਾਰ ਕੇ ਤਾਂ ਸਿੱਧਾ ਕਰ ਲੈਂਦੇ ਹਨ ਪਰ ਜਿਨ੍ਹਾਂ ਲੋਕਾਂ ਦਾ ਬਣਦਾ ਹੱਕ ਹੁੰਦਾ ਉਹ ਵੀ ਆਪ ਹੀ ਹਜ਼ਮ ਕਰ ਲੈਂਦੇ ਹਨ। ਇਸੇ ਤਰ੍ਹਾਂ ਹਰ ਧਰਮ ਦੇ ਪ੍ਰਚਾਰਕ ਵੀ ਗਰੀਬ, ਬੇਸਹਾਰਾ, ਲੋੜਵੰਦਾਂ ਤੇ ਅੰਗਹੀਣਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ ਪਰ ਹਕੀਕਤ ਵਿਚ ਇਹ ਵੀ ਸਿਆਸੀ ਆਗੂਆਂ ਵਾਂਗ ਹੀ ਲੋਕ ਦਿਖਾਵਾ ਕਰਦੇ ਹਨ, ਹਕੀਕਤ ਕੋਹਾਂ ਦੂਰ ਹੈ।
 ਇਸੇ ਤਰ੍ਹਾਂ ਹੀ ਅੱਤ ਗਰੀਬ ਤੇ ਦੋ ਵੇਲੇ ਦੀ ਰੋਟੀ ਤੋਂ ਮੁਥਾਜ ਇੱਥੋਂ ਨੇੜਲੇ ਪਿੰਡ ਕੰਬੋਹ ਢਾਹੇ ਵਾਲਾ ਦਾ ਬਦਨਸੀਬ ਅਪਾਹਜ ਪਰਿਵਾਰ ਜਿਨ੍ਹਾਂ 'ਚ ਬਜ਼ੁਰਗ ਬੀਮਾਰ ਮਾਤਾ ਬਚਨ ਕੌਰ ਅਤੇ ਉਸ ਦੇ ਦੋ ਜਵਾਨ ਨੇਤਰਹੀਣ ਪੁੱਤਰ ਬਗੀਚਾ ਸਿੰਘ ਅਤੇ ਬਿੰਦਰ ਸਿੰਘ ਜੋ ਵੇਖਣ ਨੂੰ ਜਿਊਂਦੇ ਹਨ ਪਰ ਉਨ੍ਹਾਂ ਦੀ ਤਰਸਯੋਗ ਹਾਲਤ ਮਰਿਆਂ ਨਾਲੋਂ ਵੀ ਮਾੜੀ ਹੈ। ਜਿਹੜੇ ਦਿਨ-ਰਾਤ ਉਡੀਕਦੇ ਰਹਿੰਦੇ ਹਨ ਕਿ ਕੋਈ ਰੱਬ ਦਾ ਪਿਆਰਾ ਦਾਨੀ ਸੱਜਣ ਆਵੇ ਜੋ ਉਨ੍ਹਾਂ ਦੀ ਮਦਦ ਕਰ ਕੇ ਬਾਂਹ ਫੜੇ ਤਾਂ ਜੋ ਉਹ ਕੁਝ ਦਿਨ ਧਰਤੀ 'ਤੇ ਹੋਰ ਗੁਜ਼ਾਰ ਸਕਣ। 
ਨੇਤਰਹੀਣ ਹੋਣ ਕਾਰਨ ਅੱਧੇ ਰੇਟ 'ਤੇ ਖੇਤਾਂ 'ਚ ਮਜ਼ਦੂਰੀ ਕਰ ਕੇ ਪੇਟ ਪਾਲਿਆ : ਭੁੱਖੇ-ਪਿਆਸੇ ਰਹਿਣ ਤੋਂ ਬਾਅਦ ਨੇਤਰਹੀਣ ਭਰਾਵਾਂ ਨੇ ਡੰਗੋਰੀ ਫੜ ਕੇ ਲੋਕਾਂ ਤੇ ਕਿਸਾਨਾਂ ਦੇ ਘਰਾਂ 'ਚ ਜਾ ਕੇ ਮਿੰਨਤਾਂ ਕੀਤੀਆਂ ਕਿ ਉਸ ਬੇਸ਼ੱਕ ਨੇਤਰਹੀਣ ਹਨ ਪਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਤਿਆਰ ਹਨ। ਅੱਧੇ ਰੇਟ 'ਤੇ ਕਾਫੀ ਸਮਾਂ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਦਾਲ-ਫੁਲਕਾ ਚਲਾ ਲਿਆ ਪਰ ਕੁਦਰਤ ਦੀ ਫਿਰ ਕਰੋਪੀ ਇਹੋ ਜਿਹੀ ਹੋਈ ਕਿ ਤਿੰਨਾਂ ਨੂੰ ਅਨੇਕਾਂ ਬੀਮਾਰੀਆਂ ਨੇ ਘੇਰਾ ਪਾ ਲਿਆ ਤੇ ਮਿਹਨਤ-ਮਜ਼ਦੂਰੀ ਵੀ ਛੁੱਟ ਗਈ। ਦੂਸਰਾ ਕੱਚਾ ਕੋਠਾ ਉਹ ਵੀ ਡਿੱਗ ਪਿਆ ਤੇ ਖੁੱਲ੍ਹੇ ਆਸਮਾਨ ਹੇਠ ਡੇਰਾ ਲਾਉਣਾ ਪਿਆ। ਪਿੰਡ ਤੇ ਇਲਾਕੇ ਦੇ ਕੁਝ ਰੱਬ ਦੇ ਪਿਆਰੇ ਦਾਨੀ ਸੱਜਣਾਂ ਨੂੰ ਉਨ੍ਹਾਂ ਦੀ ਤਰਸਯੋਗ ਹਾਲਤ ਦਾ ਪਤਾ ਲੱਗਣ 'ਤੇ ਇਕ ਕੱਚਾ-ਪੱਕਾ ਕੋਠਾ ਬਣਾ ਕੇ ਘਰ 'ਚ ਪਾਣੀ ਪੀਣ ਲਈ ਉਨ੍ਹਾਂ ਨੂੰ ਨਲਕਾ ਲਵਾ ਦਿੱਤਾ।


Related News