ਐੱਮ. ਪੀ. ਬ੍ਰਹਮਪੁਰਾ ਦੇ ਭਾਣਜੇ ਵਿਰੁੱਧ ਚੋਰੀ ਦਾ ਕੇਸ ਦਰਜ

03/23/2018 7:18:21 AM

ਤਰਨਤਾਰਨ (ਰਮਨ) - ਥਾਣਾ ਸਦਰ ਦੀ ਪੁਲਸ ਨੇ ਬਲਾਕ ਸੰਮਤੀ ਦੇ ਚੇਅਰਮੈਨ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਐੱਮ. ਪੀ. ਰਣਜੀਤ ਸਿੰਘ ਬ੍ਰਹਮਪੁਰਾ ਦਾ ਭਾਣਜਾ ਹੈ, ਵਿਰੁੱਧ ਸਰਕਾਰੀ ਬਿਜਲੀ ਦੇ ਖੰਭਿਆਂ ਨੂੰ ਚੋਰੀ ਕਰਨ  ਸਬੰਧੀ ਨਾਮਜ਼ਦ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਮਲਮੀਤ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਨੰਬਰਦਾਰ ਪੁੱਤਰ ਚਰਨ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮੱਲਮੋਹਰੀ ਨੇ ਡੀ. ਐੱਸ. ਪੀ. ਗੋਇੰਦਵਾਲ ਸਤਪਾਲ ਸਿੰਘ ਨੂੰ ਦਰਖਾਸਤ ਦਿੱਤੀ ਸੀ ਕਿ ਪਿੰਡ ਮੱਲਮੋਹਰੀ ਵਿਚ ਪਏ ਬਿਜਲੀ ਦੇ ਸਰਕਾਰੀ ਖੰਭਿਆਂ ਨੂੰ ਸਤਿੰਦਰਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੱਲਮੋਹਰੀ ਨੇ ਚੋਰੀ ਕੀਤਾ ਹੈ।  ਇਸ ਸਬੰਧੀ ਬਿਜਲੀ ਮਹਿਕਮੇ ਵੱਲੋਂ ਅਤੇ ਉਪ ਮੰਡਲ ਅਫਸਰ ਸਬ-ਅਰਬਨ ਸਬ-ਡਵੀਜ਼ਨ ਤਰਨਤਾਰਨ ਵੱਲੋਂ ਪੜਤਾਲ ਕੀਤੀ ਗਈ ਸੀ ਪਰ ਉਕਤ ਮੁਲਜ਼ਮ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਥਾਣਾ ਸਦਰ ਦੇ ਮੁਖੀ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਸਤਿੰਦਰਪਾਲ ਸਿੰਘ ਪੁੱਤਰ ਬਲਵੰਤ ਸਿੰਘ ਖਿਲਾਫ ਧਾਰਾ 379 ਤਹਿਤ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਕੇ ਏ. ਐੱਸ. ਆਈ. ਨਰੇਸ਼ ਕੁਮਾਰ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸਬੰਧੀ ਸਤਿੰਦਰਪਾਲ ਸਿੰਘ ਦੀ ਜ਼ਮਾਨਤ ਹੋ ਗਈ ਹੈ।


Related News