ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਬਡੂੰਗਰ ਤੇ ਵੇਦਾਂਤੀ ਸਮੇਤ 17 ਨੂੰ ਭੇਜਿਆ ਨੋਟਿਸ

03/23/2018 7:12:05 AM

ਅੰਮ੍ਰਿਤਸਰ (ਮਮਤਾ) - ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸੰਪਾਦਿਤ ਬਹੁ-ਚਰਚਿਤ ਤੇ ਵਿਵਾਦਤ ਧਾਰਮਕ ਕਿਤਾਬ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਦੇ ਗੰਭੀਰ ਮਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ, ਸਾਬਕਾ ਕੁਲਪਤੀ ਹਰਭਜਨ ਸਿੰਘ ਸੋਚ, ਗਿ. ਜਸਵੰਤ ਸਿੰਘ ਭੂਰਾ ਕੋਹਨਾ, ਸਾਬਕਾ ਸਕੱਤਰ ਸੁਖਦੇਵ ਸਿੰਘ ਭੌਰ, ਮੁੱਖ ਸਕੱਤਰ ਡਾ. ਰੂਪ ਸਿੰਘ, ਦਲੀਪ ਸਿੰਘ ਮੱਲੂਨੰਗਲ, ਅਮਰਜੀਤ ਸਿੰਘ ਚਾਵਲਾ, ਪ੍ਰੋ. ਬਲਕਾਰ ਸਿੰਘ ਆਦਿ 17 ਵਿਅਕਤੀਆਂ ਨੂੰ ਨੋਟਿਸ ਭੇਜ ਕੇ ਅਗਲੀ ਪੇਸ਼ੀ 12 ਅਪ੍ਰੈਲ ਨੂੰ ਨਿਸ਼ਚਿਤ ਕੀਤੀ ਹੈ। ਸਿੱਖ ਗੁਰਦੁਆਰਾ ਜੁਡੀਸੀਅਲ ਕਮਿਸ਼ਨ ਨੇ ਇਸ ਕਿਤਾਬ ਦੀ ਵਰਤੋਂ 'ਤੇ ਪਾਬੰਦੀ ਲਾਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਜਥੇਬੰਦੀ ਦੇ ਕਿਸਾਨ ਵਿੰਗ ਦੇ ਮੁਖੀ ਤੇ ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਦਲ ਖ਼ਾਲਸਾ ਧਾਰਮਕ ਵਿੰਗ ਦੇ ਆਗੂ ਅਜੀਤ ਸਿੰਘ ਬਾਠ ਤੇ ਹਰਦੀਪ ਸਿੰਘ ਨਿਮਾਣਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰ-ਇਤਿਹਾਸ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਉਕਤ ਕਿਤਾਬ ਛਪਾਈ ਗਈ ਹੈ। ਇਸ ਕਿਤਾਬ ਵਿਚ ਗੁਰੂ ਸਾਹਿਬ ਖਿਲਾਫ ਬਹੁਤ ਕੂੜ ਪ੍ਰਚਾਰ ਕੀਤਾ ਗਿਆ ਹੈ। ਇਸ ਕਿਤਾਬ ਦੇ ਖਰੜੇ ਦਾ ਕੋਈ ਲੇਖਕ ਨਹੀਂ ਹੈ ਪਰ ਇਸ ਦੇ ਖਰੜੇ ਦੀ ਸੰਪਾਦਨਾ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਡਾ. ਅਮਰਜੀਤ ਸਿਘ ਨੇ ਕੀਤੀ ਹੈ। ਪ੍ਰਕਾਸ਼ਕ ਸਵ. ਸੁਰਜੀਤ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਛਾਪਕ ਗੋਲਡਨ ਪ੍ਰੈੱਸ ਸ਼੍ਰੋਮਣੀ ਕਮੇਟੀ ਹੈ। ਇਹ ਕਿਤਾਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਾਲ 1998 'ਚ ਛਪਾਈ ਗਈ ਹੈ। ਇਸ ਕਿਤਾਬ ਦੀ ਸ਼ਲਾਘਾ ਕਰਨ ਵਾਲਿਆਂ 'ਚ ਭਾਈ ਰਣਜੀਤ ਸਿੰਘ, ਡਾ. ਹਰਭਜਨ ਸਿੰਘ ਸੋਚ ਤੇ ਹੋਰ ਸ਼ਖਸੀਅਤਾਂ ਹਨ।
ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਕਿਤਾਬ ਸਬੰਧੀ ਪਹਿਲਾਂ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਕੋਈ ਜਵਾਬ ਨਾ ਮਿਲਣ 'ਤੇ ਅੱਜ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਕੇਸ ਦਾਇਰ ਕਰਨ 'ਤੇ ਉਕਤ ਨੂੰ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਸਿਰਸਾ ਨੇ ਕਿਹਾ ਕਿ ਸਿੱਖ ਕੌਮ ਨੂੰ ਸੇਧ ਦੇਣ ਵਾਲੇ ਖੁਦ ਹੀ ਕੁਰਾਹੇ ਪਏ ਹੋਏ ਹਨ, ਪੰਥ ਨੂੰ ਕੀ ਸੇਧ ਦੇਣਗੇ।


Related News