ਫੌਜ ''ਚ ਭਰਤੀ ਕਰਵਾਉਣ ਦੇ ਨਾਂ ''ਤੇ 1.75 ਲੱਖ ਠੱਗੇ

03/23/2018 6:59:15 AM

ਤਰਨਤਾਰਨ,   (ਰਾਜੂ)-  ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਫੌਜ 'ਚ ਭਰਤੀ ਕਰਵਾਉਣ 'ਤੇ 1.75 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਜੁਰਮ 420 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਲਖਬੀਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਜੰਡੋਕੇ ਤਹਿ. ਅਤੇ ਜ਼ਿਲਾ ਤਰਨਤਾਰਨ ਨੇ ਦੱਸਿਆ ਕਿ ਗੋਪਾਲ ਸਿੰਘ ਪੁੱਤਰ ਨਿਰੰਜਨ ਸਿੰਘ ਸਾਬਕਾ ਸੂਬੇਦਾਰ ਵਾਸੀ ਪਿੰਡ ਕੁਹਾੜਕਾ ਜ਼ਿਲਾ ਤਰਨਤਾਰਨ ਨੇ ਸਾਲ 2014 'ਚ ਮੇਰੇ ਲੜਕੇ ਨੂੰ ਫੌਜ 'ਚ ਭਰਤੀ ਕਰਵਾਉਣ ਲਈ 1.75 ਲੱਖ ਰੁਪਏ ਲਏ ਸਨ। ਉਸ ਨੇ ਨਾ ਤਾਂ ਮੇਰੇ ਲੜਕੇ ਨੂੰ ਭਰਤੀ ਕਰਵਾਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ, ਜਿਸ ਉਪਰੰਤ ਇਸ ਮਾਮਲੇ ਸਬੰਧੀ ਪੜਤਾਲ ਇੰਚਾਰਜ ਆਰਥਕ ਅਪਰਾਧ ਸ਼ਾਖਾ ਤਰਨਤਾਰਨ ਵੱਲੋਂ ਕੀਤੀ ਗਈ, ਜਿਸ ਦੌਰਾਨ ਉਕਤ ਵਿਅਕਤੀ ਦੋਸ਼ੀ ਪਾਇਆ ਗਿਆ।
 ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਬਲਬੀਰ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


Related News