ਹਾਰੇ ਆਗੂਆਂ ''ਤੇ ਦਾਅ ਨਹੀਂ ਲਾਏਗੀ ਕਾਂਗਰਸ

03/23/2018 6:49:41 AM

ਜਲੰਧਰ, (ਰਵਿੰਦਰ)— ਸ਼ਾਹਕੋਟ ਵਿਧਾਨ ਸਭਾ ਉਪ ਚੋਣ ਲਈ ਕਾਂਗਰਸ ਨੇ ਅੰਦਰਂੋ-ਅੰਦਰ ਜੁਗਾੜ ਫਿੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਹਾਰੇ ਹੋਏ ਆਗੂ ਵੀ ਇਸ ਸੀਟ 'ਤੇ ਨਜ਼ਰਾਂ ਗੱਡੀ ਬੈਠੇ ਹਨ।  ਉਨ੍ਹਾਂ ਨੂੰ ਆਸ ਹੈ ਕਿ ਖਾਲੀ ਹੋਈ ਸੀਟ ਦੇ ਜ਼ਰੀਏ ਉਹ ਵਿਧਾਨ ਸਭਾ ਦਾ ਰਸਤਾ ਤੈਅ ਕਰ ਸਕਦੇ ਹਨ ਪਰ ਪਾਰਟੀ ਹਾਈਕਮਾਨ ਨੇ ਸਾਫ ਕਰ ਦਿੱਤਾ ਹੈ ਕਿ ਕਿਸੇ ਵੀ ਹਾਰੇ ਹੋਏ ਆਗੂ 'ਤੇ ਉਪ ਚੋਣ ਵਿਚ ਦਾਅ ਨਹੀਂ ਖੇਡਿਆ ਜਾਵੇਗਾ। ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਕਈ ਆਗੂਆਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸ਼ਾਹਕੋਟ ਵਿਧਾਨ ਸਭਾ ਹਲਕਾ ਵਿਚ ਲੰਮੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ ਹੈ। ਇਸ ਸੀਟ 'ਤੇ ਅਕਾਲੀ ਦਲ ਦੇ ਮਹਾਰਥੀ ਅਜੀਤ ਸਿੰਘ ਕੋਹਾੜ ਦਾ ਇਕ ਛਤਰ ਰਾਜ ਰਿਹਾ ਸੀ। ਕਾਂਗਰਸ ਦੀ ਸੂਬੇ ਵਿਚ ਪੂਰੀ ਲਹਿਰ ਦੇ ਬਾਵਜੂਦ ਵੀ ਕੋਹਾੜ ਨੇ ਇਹ ਸੀਟ 2017 ਵਿਧਾਨ ਸਭਾ ਚੋਣ ਵਿਚ ਬਚਾਅ ਲਈ ਸੀ ਪਰ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋ ਚੁੱਕੀ ਹੈ। 
ਹੁਣ ਜਲਦੀ ਹੀ ਉਥੇ ਚੋਣ ਕਮਿਸ਼ਨ ਉਪ ਚੋਣ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ। 2017 ਵਿਧਾਨ ਸਭਾ ਚੋਣਾਂ ਦੌਰਾਨ ਇਥੇ ਪਹਿਲੀ ਵਾਰ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ। 
ਅਕਾਲੀ ਦਲ ਨੂੰ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਤੋਂ ਵੀ ਸਖ਼ਤ ਮੁਕਾਬਲਾ ਮਿਲਿਆ ਸੀ ਪਰ ਕੋਹਾੜ 46,913 ਵੋਟਾਂ ਨਾਲ ਜੇਤੂ ਰਹੇ ਸਨ ਜਦੋਂਕਿ ਦੂਜੇ ਨੰਬਰ 'ਤੇ ਕਾਂਗਰਸ ਦੇ ਲਾਡੀ ਸ਼ੇਰੋਵਾਲੀਆ ਨੇ 42,008 ਤੇ ਆਮ ਆਦਮੀ ਪਾਰਟੀ ਦੇ ਡਾ. ਅਮਰਜੀਤ ਸਿੰਘ ਨੇ 41010 ਵੋਟਾਂ ਹਾਸਲ ਕੀਤੀਆਂ ਸਨ। ਕੋਹਾੜ ਦੇ ਦਿਹਾਂਤ ਤੋਂ ਬਾਅਦ ਅਕਾਲੀ ਦਲ ਜਿਥੇ ਇਸ ਸੀਟ ਤੋਂ ਨਵੇਂ ਉਮੀਦਵਾਰ ਦੀ ਭਾਲ ਵਿਚ ਹੈ, ਉਥੇ ਆਮ ਆਦਮੀ ਪਾਰਟੀ ਇਕ ਵਾਰ ਫਿਰ ਤੋਂ ਡਾ. ਅਮਰਜੀਤ ਸਿੰਘ ਉੱਤੇ ਆਪਣਾ ਦਾਅ ਖੇਡ ਸਕਦੀ ਹੈ। ਕਾਂਗਰਸ ਦੇ ਚੋਟੀ ਦੇ ਆਗੂ ਰਾਣਾ ਗੁਰਜੀਤ ਸਿੰਘ ਦੇ ਰੇਤ ਮਾਈਨਿੰਗ ਬੋਲੀ ਦੇ ਦੋਸ਼ਾਂ ਵਿਚ ਘਿਰਨ ਤੋਂ ਬਾਅਦ ਜਿੱਥੇ ਉਨ੍ਹਾਂ ਦੀ ਕੁਰਸੀ ਜਾ ਚੁੱਕੀ ਹੈ, ਉਥੇ ਰਾਣਾ ਦੇ ਖਾਸਮਖਾਸ ਸ਼ਾਹਕੋਟ ਤੋਂ ਕਾਂਗਰਸ ਦੇ ਆਗੂ ਲਾਡੀ ਸ਼ੇਰੋਵਾਲੀਆ ਵੀ ਇਸ ਨਾਲ ਕਾਫੀ ਕਮਜ਼ੋਰ ਹੋਏ ਹਨ।
ਟਿਕਟ ਲਈ ਜੁਗਾੜ ਲੱਗਣੇ ਸ਼ੁਰੂ
ਇਸ ਸੀਟ 'ਤੇ ਜਿੱਥੇ ਲਾਡੀ ਸ਼ੇਰੋਵਾਲੀਆ ਫਿਰ ਆਪਣੀ ਦਾਅਵੇਦਾਰੀ ਠੋਕ ਰਹੇ ਹਨ, ਉਥੇ ਨਕੋਦਰ ਤੋਂ ਚੋਣ ਹਾਰੇ ਜਗਬੀਰ ਬਰਾੜ, ਲਹਿਰਾਗਾਗਾ ਤੋਂ ਚੋਣ ਹਾਰੀ ਰਾਜਿੰਦਰ ਕੌਰ ਭੱਠਲ ਤੇ ਅਵਤਾਰ ਹੈਨਰੀ ਵੀ ਨਜ਼ਰਾਂ ਗੱਡੀ ਬੈਠੇ ਹਨ ਪਰ ਹਾਈਕਮਾਨ ਨੇ ਸਾਫ ਕਰ ਦਿੱਤਾ ਹੈ ਕਿ ਜੋ ਆਗੂ ਸਿਰਫ ਇਕ ਸਾਲ ਪਹਿਲਾਂ ਚੋਣ ਹਾਰ ਗਏ ਸਨ, ਉਨ੍ਹਾਂ 'ਤੇ ਦੁਬਾਰਾ ਦਾਅ ਖੇਡਣ ਦੀ ਸੰਭਾਵਨਾ ਘੱਟ ਹੀ ਹੈ। ਕਿਸੇ ਨਵੇਂ ਤੇ ਨੌਜਵਾਨ ਆਗੂ ਨੂੰ ਇਥੇ ਅਜ਼ਮਾਇਆ ਜਾ ਸਕਦਾ ਹੈ। ਇਸ ਲਈ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਦੇ ਖਾਸਮ ਖਾਸ ਡਾ. ਨਵਜੋਤ ਸਿੰਘ ਦਹੀਆ ਦੀ ਦਾਅਵੇਦਾਰੀ ਬੇਹੱਦ ਮਜ਼ਬੂਤ ਲੱਗ ਰਹੀ ਹੈ, ਜਿਨ੍ਹਾਂ ਦਾ ਸ਼ਾਹਕੋਟ ਵਿਚ ਤਕੜਾ ਲੋਕ ਆਧਾਰ ਹੈ ਤੇ 2012 ਚੋਣਾਂ ਦੌਰਾਨ ਪੀਪਲਜ਼ ਪਾਰਟੀ ਵਲੋਂ ਚੋਣ ਲੜਦਿਆਂ ਉਨ੍ਹਾਂ ਨੇ ਇਥੋਂ ਕਾਫੀ ਵੋਟਾਂ ਹਾਸਲ ਕੀਤੀਆਂ ਸਨ। 
ਨੌਜਵਾਨ ਆਗੂ ਨੂੰ ਅੱਗੇ ਲਿਆਏਗੀ ਕਾਂਗਰਸ : ਆਸ਼ਾ ਕੁਮਾਰੀ
ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਪਾਰਟੀ ਦੀ ਕੌਮੀ ਕਨਵੈਂਸ਼ਨ ਵਿਚ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸਾਫ ਕਰ ਦਿੱਤਾ ਹੈ ਕਿ ਨੌਜਵਾਨ ਆਗੂਆਂ ਨੂੰ ਪਾਰਟੀ ਵਿਚ ਅਹਿਮ ਰੋਲ ਦਿੱਤੇ ਜਾਣ। ਇਸ ਲਈ ਕਿਸੇ ਵੀ ਉਪ ਚੋਣ ਵਿਚ ਹੁਣ ਹਾਰੇ ਉਮੀਦਵਾਰਾਂ 'ਤੇ ਦਾਅ ਲੱਗਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਪਾਰਟੀ ਕਿਸੇ ਨੌਜਵਾਨ ਆਗੂ 'ਤੇ ਉਥੋਂ ਵਿਚਾਰ ਕਰ ਸਕਦੀ ਹੈ। 


Related News