ਹੁਣ ਸਾਹਮਣੇ ਆਇਆ ''ਬੰਬੂ'' ਘਪਲਾ

03/23/2018 6:38:20 AM

ਅੰਮ੍ਰਿਤਸਰ,   (ਨੀਰਜ)-  ਗਰੀਬਾਂ ਨੂੰ ਦਿੱਤੀ ਜਾਣ ਵਾਲੀ 2 ਰੁਪਏ ਕਿਲੋ ਕਣਕ ਦੀ ਵੰਡ 'ਚ ਆਏ ਦਿਨ ਵੱਡੇ-ਵੱਡੇ ਘਪਲੇ ਕਰਨ ਵਾਲੇ ਫੂਡ ਸਪਲਾਈ ਵਿਭਾਗ ਦੇ ਕੁਝ ਕਰਮਚਾਰੀ ਸੁਧਰਨ ਦਾ ਨਾਂ ਨਹੀਂ ਲੈ ਰਹੇ। ਅੰਮ੍ਰਿਤਸਰ ਜ਼ਿਲੇ ਵਿਚ ਅਕਤੂਬਰ 2017 ਤੋਂ ਲੈ ਕੇ ਮਾਰਚ 2018 ਤੱਕ ਲਈ ਵੰਡੀ ਜਾਣ ਵਾਲੀ 2 ਰੁਪਏ ਕਿਲੋ ਵਾਲੀ ਕਣਕ ਹੁਣ ਬੰਬੂ ਰਾਹੀਂ ਚੋਰੀ ਕੀਤੀ ਜਾ ਰਹੀ ਹੈ ਅਤੇ ਗਰੀਬਾਂ ਦੇ ਹੱਕ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਬੰਬੂ ਘਪਲੇ ਦੇ ਇਹ ਹਾਲਾਤ ਕਿਸੇ ਇਕ ਵਾਰਡ ਵਿਚ ਨਹੀਂ ਹਨ ਸਗੋਂ ਜ਼ਿਆਦਾਤਰ ਵਾਰਡਾਂ ਵਿਚ ਇਹ ਸਾਹਮਣੇ ਆ ਰਿਹਾ ਹੈ ਕਿ ਕਣਕ ਦੀਆਂ ਬੋਰੀਆਂ 'ਚੋਂ ਕਣਕ ਘੱਟ ਨਿਕਲ ਰਹੀ ਹੈ। ਵਿਭਾਗ ਵੱਲੋਂ ਵੰਡੀ ਜਾਣ ਵਾਲੀ ਕਣਕ ਦੀਆਂ ਬੋਰੀਆਂ 'ਚੋਂ 30 ਕਿਲੋ ਦੀ ਬਜਾਏ 25 ਤੋਂ 27 ਕਿਲੋ ਕਣਕ ਨਿਕਲ ਰਹੀ ਹੈ, ਜਿਸ ਨੂੰ ਵੰਡਣ ਲਈ ਡਿਪੂ ਹੋਲਡਰ ਵੀ ਮਜਬੂਰ ਨਜ਼ਰ ਆ ਰਹੇ ਹਨ ਅਤੇ ਵਿਭਾਗ ਦੇ ਕਾਰਨਾਮਿਆਂ ਤੋਂ ਸਤਾਈ ਗਰੀਬ ਜਨਤਾ ਵੀ ਘੱਟ ਕਣਕ ਲੈਣ ਲਈ ਮਜਬੂਰ ਨਜ਼ਰ ਆ ਰਹੀ ਹੈ।  ਗਰੀਬੀ ਤੋਂ ਸਤਾਏ ਲੋਕ ਡਿਪੂ ਹੋਲਡਰਾਂ ਨੂੰ ਘੱਟ ਕਣਕ ਬਾਰੇ ਉਸ ਸਮੇਂ ਦੱਸਦੇ ਹਨ ਜਦੋਂ ਉਹ ਆਟਾ ਚੱਕੀ 'ਤੇ ਆਪਣੀ ਸਰਕਾਰੀ ਕਣਕ ਪਿਸਵਾਉਣ ਲਈ ਜਾਂਦੇ ਹਨ ਅਤੇ ਆਟਾ ਚੱਕੀ ਮਾਲਕ ਵੱਲੋਂ ਇਹ ਦੱਸ ਦਿੱਤਾ ਜਾਂਦਾ ਹੈ ਕਿ 30 ਕਿਲੋ ਦੀ ਬੋਰੀ 'ਚੋਂ 25 ਕਿਲੋ ਕਣਕ ਨਿਕਲ ਰਹੀ ਹੈ। ਗਰੀਬ ਲੋਕ ਜਦੋਂ ਇਸ ਦੀ ਸ਼ਿਕਾਇਤ ਡਿਪੂ ਹੋਲਡਰ ਨੂੰ ਕਰਦੇ ਹਨ ਤਾਂ ਡਿਪੂ ਹੋਲਡਰ ਆਪਣੀ ਮਜਬੂਰੀ ਦੱਸਦੇ ਹੋਏ ਇਹ ਕਹਿ ਕੇ ਮਾਮਲਾ ਰਫਾ-ਦਫਾ ਕਰ ਦਿੰਦਾ ਹੈ ਕਿ ਪਿੱਛੋਂ ਹੀ ਕਣਕ ਘੱਟ ਆ ਰਹੀ ਹੈ, ਜਦੋਂ ਕਿ ਮਾਮਲਾ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ। ਡੀ. ਸੀ. ਦਫਤਰ ਅੰਮ੍ਰਿਤਸਰ ਵਿਚ ਇਸ ਸਬੰਧੀ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਕਿ ਫੂਡ ਸਪਲਾਈ ਵਿਭਾਗ ਦੇ ਕੁਝ ਇੰਸਪੈਕਟਰ ਕਣਕ ਦੀਆਂ ਬੋਰੀਆਂ ਵਿਚ ਹੇਰਾ-ਫੇਰੀ ਕਰ ਰਹੇ ਹਨ।
ਗੁਰੂ ਰਾਈਸ ਮਿੱਲ ਗੋਦਾਮ ਦੇ ਇੰਸਪੈਕਟਰ ਖਿਲਾਫ ਸ਼ਿਕਾਇਤ 
ਅਟਾਰੀ ਰੋਡ 'ਤੇ ਸਥਿਤ ਗੁਰੂ ਰਾਈਸ ਮਿੱਲ ਕਣਕ ਗੋਦਾਮ ਦੇ ਇੰਸਪੈਕਟਰ ਡਿੰਪਲ ਕੁਮਾਰ ਖਿਲਾਫ ਆਰ. ਟੀ. ਆਈ. ਐਕਟੀਵਿਸਟ ਅਤੇ ਸਮਾਜ ਸੇਵਕ ਵਰੁਣ ਸਰੀਨ ਵੱਲੋਂ ਡੀ. ਸੀ. ਤੇ ਹੋਰ ਪ੍ਰਬੰਧਕੀ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਕਣਕ ਗੋਦਾਮ ਦਾ ਇੰਸਪੈਕਟਰ ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਵਿਚ ਹੇਰਾ-ਫੇਰੀ ਕਰ ਰਿਹਾ ਹੈ, ਜੋ ਕਣਕ ਦੀ ਬੋਰੀ ਵਿਚ ਬੰਬੂ ਲਾ ਰਿਹਾ ਹੈ, ਜਿਸ ਨਾਲ ਇਕ ਬੋਰੀ 'ਚੋਂ 2 ਤੋਂ 3 ਕਿਲੋ ਜਾਂ ਇਸ ਤੋਂ ਵੀ ਜ਼ਿਆਦਾ ਕਣਕ ਬੜੀ ਆਸਾਨੀ ਨਾਲ ਕੱਢ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਕਣਕ ਦਾ ਭਾਰ ਵਧਾਉਣ ਲਈ ਉਸ ਨੂੰ ਪਾਣੀ ਲਾ ਦਿੱਤਾ ਜਾਂਦਾ ਹੈ, ਜਿਸ ਨਾਲ ਕਣਕ ਦਾ ਭਾਰ ਪਹਿਲਾਂ ਜਿੰਨਾ ਹੀ ਰਹਿੰਦਾ ਹੈ। ਸਰੀਨ ਨੇ ਮੰਗ ਕੀਤੀ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਵਿਜੀਲੈਂਸ ਵਿਭਾਗ ਜਾਂ ਕਿਸੇ ਹੋਰ ਏਜੰਸੀ ਤੋਂ ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਦੀ ਜਾਂਚ ਕਰਵਾਏ ਤਾਂ ਸੱਚ ਸਾਹਮਣੇ ਆ ਜਾਵੇਗਾ।


Related News