ਸਾਕਸ਼ੀ ਨੇ ਜਦੋਂ ਪਰਸ ਨਹੀਂ ਛੱਡਿਆ ਤਾਂ ਲੁਟੇਰੇ ਘਸੀਟਦੇ ਹੋਏ ਲੈ ਗਏ

03/23/2018 6:32:05 AM

ਅੰਮ੍ਰਿਤਸਰ,  (ਸੰਜੀਵ)-  ਸਾਕਸ਼ੀ ਦਾ ਪਰਸ ਖੋਹਣ ਆਏ 2 ਲੁਟੇਰਿਆਂ ਨਾਲ ਹਿੰਮਤ ਦਿਖਾ ਕੇ ਸਾਕਸ਼ੀ ਭਿੜ ਗਈ, ਜਦੋਂ ਉਸ ਨੇ ਆਪਣਾ ਪਰਸ ਨਹੀਂ ਛੱਡਿਆ ਤਾਂ ਲੁਟੇਰੇ ਦੂਰ ਤੱਕ ਉਸ ਨੂੰ ਘਸੀਟਦੇ ਹੋਏ ਲੈ ਗਏ। ਸਾਕਸ਼ੀ ਦਾ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ, ਜਿਨ੍ਹਾਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਅਤੇ ਸਾਕਸ਼ੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਰਾਮਬਾਗ ਦੀ ਪੁਲਸ ਨੇ ਦੋਵਾਂ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਜ਼ਖਮੀ ਸਾਕਸ਼ੀ ਨੇ ਦੱਸਿਆ ਕਿ ਉਹ ਅਨੰਦ ਨਗਰ ਗਲੀ ਨੰ. 2 ਦੀ ਰਹਿਣ ਵਾਲੀ ਹੈ, ਅੱਜ ਸ਼ਾਮ 6 ਵਜੇ ਦੇ ਕਰੀਬ ਉਹ ਪੈਦਲ ਆਪਣੀ ਡਿਊਟੀ ਖਤਮ ਕਰ ਕੇ ਘਰ ਪਰਤ ਰਹੀ ਸੀ ਕਿ ਰਸਤੇ ਵਿਚ 2 ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕਰਨ ਲੱਗੇ, ਜਦੋਂ ਉਸ ਨੇ ਪਰਸ ਨਹੀਂ ਛੱਡਿਆ ਤਾਂ ਲੁਟੇਰੇ ਉਸ ਨੂੰ ਆਪਣੇ ਨਾਲ ਘਸੀਟਣ ਲੱਗੇ, ਜਿਸ 'ਤੇ ਉਹ ਸੜਕ 'ਤੇ ਡਿੱਗ ਗਈ ਅਤੇ ਲੁਟੇਰੇ ਦੂਰ ਤੱਕ ਉਸ ਨੂੰ ਘਸੀਟਦੇ ਹੋਏ ਲੈ ਗਏ। ਉਸ ਦਾ ਰੌਲਾ ਸੁਣ ਕੇ ਆਸ-ਪਾਸ ਖੜ੍ਹੇ ਲੋਕਾਂ ਨੇ ਲੁਟੇਰਿਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਕੀ ਕਹਿਣਾ ਹੈ ਪੁਲਸ ਦਾ? : ਪੁਲਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ 2 ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News