ਮੁਦੱਈ ਨੇ ਖੁਦ ਪੜਤਾਲ ਕਰ ਕੇ ਫੜਵਾਇਆ ਗੈਂਗ ਦਾ ਮੈਂਬਰ

03/23/2018 6:26:27 AM

ਜਲੰਧਰ, (ਮ੍ਰਿਦੁਲ)— ਜਲੰਧਰ-ਪਠਾਨਕੋਟ ਤੋਂ ਕਾਰਾਂ ਚੋਰੀ ਕਰ ਕੇ ਜੰਮੂ ਵੇਚਣ ਵਾਲੇ ਗਿਰੋਹ ਬਾਰੇ ਇਕ ਨਵਾਂ ਖੁਲਾਸਾ ਹੋਇਆ ਹੈ। ਪੁਲਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸ਼ਬੀਰ ਅਤੇ ਫਿਆਜ਼ ਨਾਲ ਗੈਂਗ ਵਿਚ 5 ਤੋਂ 6 ਵਿਅਕਤੀ ਹਨ ਜੋ ਪਠਾਨਕੋਟ ਦੇ ਨਾਲ-ਨਾਲ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਵੀ ਕਾਰਾਂ ਚੋਰੀ ਕਰਦੇ ਸਨ, ਜਿਸ ਕਾਰ ਨੂੰ ਚੋਰੀ ਕਰਨਾ ਹੁੰਦਾ ਸੀ, ਉਸ ਸਬੰਧੀ ਚੋਣ ਹਮੇਸ਼ਾ ਸਬੰਧਤ ਇਲਾਕੇ ਦਾ ਵਿਅਕਤੀ ਕਰਦਾ ਸੀ। ਪੁਲਸ ਨੂੰ ਇਨ੍ਹਾਂ ਨੂੰ ਫੜਨ ਵਿਚ ਲੀਡ ਉਦੋਂ ਮਿਲੀ, ਜਦੋਂ ਪੀੜਤਾਂ ਨੇ ਖੁਦ ਚੋਰੀ ਨੂੰ ਟਰੇਸ ਕਰ ਕੇ ਸੀ. ਸੀ. ਟੀ. ਵੀ. ਫੁਟੇਜ ਥਾਣਾ 8 ਦੀ ਪੁਲਸ ਨੂੰ ਸੌਂਪੀ। ਉਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। 'ਜਗ ਬਾਣੀ' ਦੀ ਟੀਮ ਉਨ੍ਹਾਂ ਪੀੜਤਾਂ ਕੋਲ ਪੁੱਜੀ, ਜਿਨ੍ਹਾਂ ਨੇ ਚੋਰਾਂ ਨੂੰ ਟਰੇਸ ਕੀਤਾ ਸੀ।  3 ਮਾਰਚ ਨੂੰ ਸੂਰਿਆ ਐਨਕਲੇਵ ਦੇ ਮਕਾਨ ਨੰਬਰ 609 ਅਤੇ 647 ਤੋਂ ਆਲਟੋ, ਕੇ-10 ਅਤੇ ਮਾਰੂਤੀ ਆਰਟਿਗਾ ਕਾਰ ਚੋਰੀ ਹੋਈ ਸੀ। ਇਸਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਗਈ ਤਾਂ ਚੋਰੀ ਕਰਨ ਦਾ ਤਰੀਕਾ ਉਹੀ ਸੀ। ਆਲਟੋ ਦੇ ਮਾਲਕ ਹਰੀਸ਼ ਅਤੇ ਆਰਟਿਕਾ ਦੇ ਮਾਲਕ ਰੋਹਿਤ ਦੀਆਂ ਕਾਰਾਂ ਇਕੋ ਰਾਤ ਚੋਰੀ ਹੋਈਆਂ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਗਈ ਤਾਂ ਚੋਰਾਂ ਨੇ 30 ਮਿੰਟ ਲਾ ਕੇ ਕਾਰ ਦਾ ਲਾਕ ਤੋੜਿਆ ਅਤੇ ਟਰਾਂਸਪੋਡਰ ਰਾਹੀਂ ਕਾਰ ਨੂੰ ਸਟਾਰਟ ਕੀਤਾ।
ਪੁਲਸ ਕੋਲ ਚੋਰਾਂ ਦੀ ਕੋਈ ਫੋਟੋ ਨਹੀਂ ਸੀ। ਪੀੜਤਾਂ ਨੇ ਖੁਦ ਸੀ. ਸੀ. ਟੀ. ਵੀ. ਫੁਟੇਜ ਲੱਭੀ ਅਤੇ ਪੁਲਸ ਨੂੰ ਸੌਂਪੀ। ਉਸਦੇ ਆਧਾਰ 'ਤੇ  ਪੁਲਸ ਨੇ ਵਾਹ ਵਾਹ ਲੁੱਟ ਲਈ। ਹਰੀਸ਼ ਮਲਹੋਤਰਾ ਦੇ ਸਹੁਰੇ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਨ੍ਹਾਂ 29 ਦਸੰਬਰ ਨੂੰ ਕਾਰ ਲਈ ਸੀ। ਇਹ ਕਾਰ 3 ਮਾਰਚ ਰਾਤ 2.21 ਵਜੇ ਚੋਰੀ ਹੋਈ। ਮਕਾਨ ਨੰਬਰ 647 ਦੇ ਰੋਹਿਤ ਕੁਮਾਰ ਦੀ ਕਾਰ ਉਸੇ ਰਾਤ 3.20 ਵਜੇ ਚੋਰੀ ਹੋਈ। ਰੋਹਿਤ ਅਤੇ ਹਰੀਸ਼ ਨੇ ਸੀ. ਸੀ. ਟੀ. ਵੀ. ਫੁਟੇਜ ਨੂੰ ਚੈੱਕ ਕੀਤਾ ਜੋ ਕਾਫੀ ਡਲ ਸੀ। ਜਦੋਂ ਪੁਲਸ ਨੂੰ ਇਹ ਫੁਟੇਜ ਸੌਂਪੀ ਗਈ ਤਾਂ ਪੁਲਸ ਪਹਿਲਾਂ ਤਾਂ ਟਾਲਦੀ ਰਹੀ, ਜਿਸ 'ਤੇ ਰੋਹਿਤ ਅਤੇ ਹਰੀਸ਼ ਨੇ ਖੁਦ ਫੈਸਲਾ ਕੀਤਾ ਕਿ ਉਹ ਚੋਰਾਂ ਨੂੰ ਲੱਭਣਗੇ। 
ਕਾਰ ਇਕ ਟੋਲ ਪਲਾਜ਼ਾ ਤੋਂ ਨਿਕਲਣ ਪਿੱਛੋਂ ਈਮੇਲ ਆਈ ਤਾਂ ਉਨ੍ਹਾਂ ਟੋਲ ਪਲਾਜ਼ਾ ਤੋਂ ਫੁਟੇਜ ਕਢਵਾਈ। ਹਰੀਸ਼ ਮਲਹੋਤਰਾ ਦੇ ਸਹੁਰਾ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਜਦੋਂ ਕਾਰ ਖਰੀਦੀ ਸੀ ਤਾਂ ਕੰਪਨੀ ਵਲੋਂ ਉਸ ਵਿਚ ਫਾਸਟ ਟ੍ਰੈਕ ਸਿਸਟਮ ਲਾਇਆ ਗਿਆ ਸੀ। ਇਸ ਮੁਤਾਬਕ ਜੇ ਕਾਰ ਕਿਸੇ ਵੀ ਟੋਲ ਪਲਾਜ਼ਾ ਤੋਂ ਨਿਕਲੇਗੀ ਤਾਂ ਉਸ ਵਿਚ ਆਟੋਮੈਟੀਕਲੀ ਬੈਂਕ ਰਾਹੀਂ ਟੋਲ ਪਲਾਜ਼ਾ ਦੇ ਪੈਸੇ ਕੱਟੇ ਜਾਣਗੇ ਅਤੇ ਟੋਲ ਉੱਤੇ ਰੁਕ ਕੇ ਪੈਸੇ ਦੇਣ ਦੀ ਲੋੜ ਨਹੀਂ ਪਏਗੀ। ਕਾਰ ਜਦੋਂ ਚੋਰੀ ਕੀਤੀ ਗਈ ਤਾਂ ਉਸ ਤੋਂ ਲਗਭਗ 28 ਮਿੰਟ ਬਾਅਦ ਤੜਕੇ 4. 22 ਵਜੇ ਭੋਗਪੁਰ ਰੋਡ ਸਥਿਤ ਪਹਿਲੇ ਟੋਲ ਪਲਾਜ਼ਾ ਤੋਂ ਨਿਕਲੀ। ਉਸ ਤੋਂ ਬਾਅਦ ਮਾਨੇਸਰ ਟੋਲ ਪਲਾਜ਼ਾ ਤੋਂ ਇਹ ਕਾਰ ਸਵੇਰੇ 5.28 ਵਜੇ ਨਿਕਲੀ। ਇਸਦੀ ਆਟੋਮੈਟੀਕਲੀ ਈਮੇਲ ਉਨ੍ਹਾਂ ਦੇ ਫੋਨ 'ਤੇ ਆ ਗਈ। ਇਸ ਤੋਂ ਪਤਾ ਲੱਗ ਗਿਆ ਕਿ ਦੋਵਾਂ ਦੀ ਕਾਰ ਚੋਰੀ ਕਰਨ ਵਿਚ 4 ਵਿਅਕਤੀ ਸ਼ਾਮਲ ਹਨ। ਜਦੋਂ ਉਹ ਉਕਤ ਟੋਲ ਪਲਾਜ਼ਾ 'ਤੇ ਪਹੁੰਚੇ ਤਾਂ ਦੋਵਾਂ ਕਾਰਾਂ ਦੀਆਂ ਨੰਬਰ ਪਲੇਟਾਂ ਬਦਲ ਦਿੱਤੀਆਂ ਗਈਆਂ ਸਨ। ਹਰੀਸ਼ ਦੇ ਸਹੁਰਾ ਸਾਹਿਬ ਦੀ ਕਾਰ 'ਤੇ ਨੰਬਰ ਜੇ. ਕੇ. 3 ਬੀ 2890 ਲੱਗਾ ਹੋਇਆ ਸੀ। ਪਛਾਣ ਤਾਂ ਉਨ੍ਹਾਂ ਨੂੰ ਉਦੋਂ ਹੋਈ ਜਦੋਂ ਉਨ੍ਹਾਂ ਫੁਟੇਜ ਵਿਚ ਵੇਖਿਆ ਕਿ ਉਨ੍ਹਾਂ ਦੀ ਕਾਰ ਉਪਰ ਓਮ ਨਮ ਸ਼ਿਵਾਏ ਦਾ ਸਟਿੱਕਰ ਲੱਗਾ ਹੋਇਆ ਸੀ। 
ਦੋਵਾਂ ਕਾਰਾਂ ਵਿਚ ਪੈਟਰੋਲ ਘੱਟ ਸੀ, ਚੋਰੀ ਕਰਨ ਪਿੱਛੋਂ ਪਠਾਨਕੋਟ ਰੋਡ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਪੁਆਇਆ ਪੈਟਰੋਲ ਅਤੇ  ਕੈਦ ਹੋਇਆ ਫਿਆਜ਼।
ਜਦੋਂ ਰੋਹਿਤ ਅਤੇ ਹਰੀਸ਼ ਮਲਹੋਤਰਾ ਦੇ ਸਹੁਰਾ ਸਾਹਿਬ ਨੇ ਦੋਵਾਂ ਟੋਲ ਪਲਾਜ਼ਾ ਤੋਂ ਫੁਟੇਜ ਇਕੱਠੀ ਕੀਤੀ ਅਤੇ ਇਕ ਪੁਲਸ ਮੁਲਾਜ਼ਮ ਨਾਲ ਪਠਾਨਕੋਟ ਰੋਡ 'ਤੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਗਏ ਤਾਂ ਪਤਾ ਲੱਗਾ ਕਿ ਇਥੋਂ 4.57 ਵਜੇ ਪੈਟਰੋਲ ਪੁਆਇਆ ਗਿਆ ਹੈ। ਉਥੇ ਆਲਟੋ ਕਾਰ ਵਿਚੋਂ ਇਕ ਚੋਰ ਬਾਹਰ ਨਿਕਲਿਆ ਜੋ ਫੋਨ 'ਤੇ ਗੱਲਾਂ ਕਰ ਰਿਹਾ ਸੀ। ਪੁਲਸ ਸੂਤਰਾਂ ਮੁਤਾਬਕ ਉਹ ਫਿਆਜ਼ ਹੈ। 
11 ਮਾਰਚ ਨੂੰ ਮੁੜ ਗਿਰੋਹ ਆਇਆ ਸੀ ਸ਼ਹਿਰ ਪਰ ਪੁਲਸ ਨੇ ਫੜ ਲਿਆ ਨਹੀਂ ਤਾਂ ਕਈ ਹੋਰ ਕਾਰਾਂ ਹੋਣੀਆਂ ਸਨ ਚੋਰੀ
ਪੁਲਸ ਦੇ ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਚੋਰ ਕਾਰਾਂ ਚੋਰੀ ਕਰਨ ਪਿੱਛੋਂ ਦੁਬਾਰਾ 11 ਮਾਰਚ ਨੂੰ ਸ਼ਹਿਰ ਵਿਚ ਆਏ ਸਨ ਪਰ ਥਾਣਾ 8 ਦੀ ਪੁਲਸ ਨੇ ਫੜ ਲਿਆ, ਨਹੀਂ ਤਾਂ ਚੋਰਾਂ ਨੇ ਉਸ ਦਿਨ ਘੱਟੋ-ਘੱਟ 4 ਹੋਰ ਕਾਰਾਂ ਚੋਰੀ ਕਰਨ ਦੀ ਯੋਜਨਾ ਬਣਾਈ ਸੀ।


Related News