ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ

03/23/2018 6:23:26 AM

ਅੰਮ੍ਰਿਤਸਰ,   (ਦਲਜੀਤ)-  ਨਗਰ ਨਿਗਮ ਦੀ ਸਵੱਛ ਭਾਰਤ ਮੁਹਿੰਮ ਨੂੰ ਵਾਰਡ ਨੰ. 62 ਦੇ ਬਾਜ਼ਾਰ ਹੰਸਲੀ ਢਾਬ ਬਸਤੀ ਰਾਮ 'ਚ ਲੱਗੇ ਕੂੜੇ ਦੇ ਢੇਰ ਮੂੰਹ ਚਿੜਾ ਰਹੇ ਹਨ। ਇਸ ਖੇਤਰ ਵਿਚ ਲੱਗੇ ਕੂੜੇ ਦੇ ਢੇਰਾਂ ਨਾਲ ਜਿਥੇ ਇਲਾਕੇ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ, ਉਥੇ ਬਦਬੂ ਨਾਲ ਸਾਰਾ ਮਾਹੌਲ ਦੂਸ਼ਿਤ ਹੋ ਰਿਹਾ ਹੈ। ਨਿਗਮ ਦੇ ਅਧਿਕਾਰੀਆਂ ਦੇ ਨੱਕ ਹੇਠ ਲੱਗੇ ਇਨ੍ਹਾਂ ਕੂੜੇ ਦੇ ਢੇਰਾਂ ਤੋਂ ਵਿਭਾਗ ਵੀ ਅਣਜਾਣ ਬਣਿਆ ਬੈਠਾ ਹੈ, ਜਿਨ੍ਹਾਂ ਕਾਰਨ ਭਿਆਨਕ ਰੋਗ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਬਾਜ਼ਾਰ ਦੀਆਂ ਗਲੀਆਂ 'ਚ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰਾਂ ਕਾਰਨ ਅੱਜ ਪੰਜਾਬ ਬ੍ਰਾਹਮਣ ਕਲਿਆਣ ਸਭਾ ਦੇ ਪ੍ਰਧਾਨ ਨਰੇਸ਼ ਧੰਮੀ ਲਾਟੂ ਦੀ ਪ੍ਰਧਾਨਗੀ 'ਚ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪ੍ਰਧਾਨ ਧੰਮੀ ਨੇ ਦੱਸਿਆ ਕਿ ਇਕ ਪਾਸੇ ਨਗਰ ਨਿਗਮ ਵੱਲੋਂ ਆਏ ਦਿਨ ਸਵੱਛ ਭਾਰਤ ਮੁਹਿੰਮ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਖੇਤਰ 'ਚ ਲੱਗੇ ਕੂੜੇ ਦੇ ਢੇਰ ਅਤੇ ਸੜਕਾਂ 'ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਵਿਭਾਗ ਦੀ ਮੁਹਿੰਮ ਨੂੰ ਠੇਂਗਾ ਦਿਖਾ ਰਿਹਾ ਹੈ। ਨਿਗਮ ਦੇ ਕਈ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਵਾਰ ਸੂਚਨਾ ਦੇਣ ਤੋਂ ਬਾਅਦ ਵੀ ਇਸ ਵੱਲ ਅਜੇ ਤੱਕ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਇਨ੍ਹਾਂ ਢੇਰਾਂ ਨੂੰ ਨਹੀਂ ਚੁਕਵਾਇਆ ਗਿਆ ਤਾਂ ਖੇਤਰ ਵਿਚ ਕੋਈ ਭਿਆਨਕ ਰੋਗ ਇਲਾਕਾ ਨਿਵਾਸੀਆਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ, ਜਿਸ ਦੇ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀ ਹੋਣਗੇ। ਲਾਟੂ ਪ੍ਰਧਾਨ ਨੇ ਕਿਹਾ ਕਿ ਨਿਗਮ ਹਰ ਮਹੀਨੇ ਲੱਖਾਂ ਰੁਪਏ ਸਵੱਛ ਭਾਰਤ ਮੁਹਿੰਮ 'ਤੇ ਖਰਚ ਕਰ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਖੇਤਰ ਦੀ ਜਿਸ ਗਲੀ 'ਚ ਇਹ ਕੂੜੇ ਦੇ ਢੇਰ ਲੱਗੇ ਹਨ, ਉਥੇ ਨੇੜੇ ਸਥਿਤ ਸਕੂਲ ਵਿਚ ਪੜ੍ਹਣ ਵਾਲੇ ਸਕੂਲੀ ਬੱਚੇ ਵੀ ਇਸ ਦੀ ਬਦਬੂ ਤੋਂ ਬਹੁਤ ਪ੍ਰੇਸ਼ਾਨ ਹਨ, ਜਿਨ੍ਹਾਂ ਨੂੰ ਦੂਸ਼ਿਤ ਮਾਹੌਲ 'ਚ ਪੜ੍ਹਾਈ ਕਰਨੀ ਪੈ ਰਹੀ ਹੈ। ਵਿਭਾਗ ਦੀ ਨਾਲਾਇਕੀ ਕਾਰਨ ਇਸ ਖੇਤਰ ਵਿਚ ਕੂੜੇ ਦੇ ਢੇਰ ਲੱਗੇ ਅਤੇ ਸੜਕਾਂ 'ਤੇ ਫੈਲੇ ਸੀਵਰੇਜ ਦੇ ਪਾਣੀ ਤੋਂ ਇਲਾਕਾ ਨਿਵਾਸੀਆਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਗਲੀਆਂ ਵਿਚ ਲੱਗੀਆਂ ਸਟਰੀਟ ਲਾਈਟਾਂ ਦੇ ਬੰਦ ਹੋਣ ਕਾਰਨ ਵੀ ਰਾਤ ਸਮੇਂ ਅਸਮਾਜਿਕ ਤੱਤ ਇਸ ਦਾ ਫਾਇਦਾ ਉਠਾ ਰਹੇ ਹਨ। ਉਨ੍ਹਾਂ ਨਿਗਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਤੋਂ ਛੇਤੀ ਇਲਾਕਾ ਨਿਵਾਸੀਆਂ ਨੂੰ ਇਸ ਤੋਂ ਨਿਜਾਤ ਨਾ ਦਿਵਾਈ ਗਈ ਤਾਂ ਉਹ ਨਿਗਮ ਦੇ ਦਫ਼ਤਰ ਦਾ ਘਿਰਾਓ ਕਰਨਗੇ।


Related News