ਅਕਾਲੀਆਂ ਨੂੰ ਕੈਪਟਨ ਤੇ ਖਹਿਰਾ ਦੇ ਖਾਣੇ ਦੀਆਂ ਤਸਵੀਰਾਂ ਨਹੀਂ ਹੋਈਆਂ ਹਜ਼ਮ!

03/23/2018 6:08:45 AM

ਲੁਧਿਆਣਾ (ਮੁੱਲਾਂਪੁਰੀ) - ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਨੇੜੇ ਦੇ ਵਿਧਾਇਕਾਂ ਨੂੰ ਦੁਪਹਿਰ ਦਾ ਭੋਜਨ ਪਰੋਸਿਆ ਤੇ ਇਨ੍ਹਾਂ ਆਗੂਆਂ ਨੇ ਉਸ ਦਾ ਆਨੰਦ ਮਾਣਿਆ ਹੈ, ਉਸ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਫੋਟੋਆਂ, ਜਿਸ ਵਿਚ ਖਹਿਰਾ ਕੈਪਟਨ ਅਮਰਿੰਦਰ ਦੇ ਕੰਨ ਵਿਚ ਕੁੱਝ ਆਖ ਰਹੇ ਹਨ ਅਤੇ ਆਪਣੀ ਗੱਲ ਆਖਣ ਦੀ ਕੋਸ਼ਿਸ਼ ਕਰ ਰਹੇ ਹਨ, ਤੋਂ ਇਲਾਵਾ ਖਾਣੇ ਦਾ ਲੁਤਫ ਲੈ ਰਹੇ ਹਨ। ਇਹ ਤਸਵੀਰਾਂ ਦੇ ਵਾਇਰਲ ਹੋਣ 'ਤੇ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕੈਪਟਨ ਤੇ ਖਹਿਰੇ ਦੇ ਖਾਣੇ ਦੀਆਂ ਤਸਵੀਰਾਂ ਹਜ਼ਮ ਨਹੀਂ ਹੋਈਆਂ। ਕਿਉਂਕਿ ਅੱਜ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਕਾਲੀ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕੱਸ ਰਹੇ ਸਨ। ਇੱਥੋਂ ਤੱਕ ਕਿ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਤੇ ਗੀਤ ਤੋਂ ਇਲਾਵਾ ਚੁਟਕਲੇ ਇਨ੍ਹਾਂ ਤਸਵੀਰਾਂ ਨਾਲ ਮੇਲ ਖਾਂਦੇ ਵੱਖ-ਵੱਖ ਸਾਈਟਾਂ 'ਤੇ ਘੁੰਮ ਰਹੇ ਸਨ। ਬਾਕੀ ਮੀਡੀਆ ਵਿਚ ਆਈਆਂ ਖ਼ਬਰਾਂ ਜਿਸ ਵਿਚ ਸ. ਮਜੀਠੀਆ ਨੇ ਖਹਿਰੇ ਨੂੰ ਕਾਂਗਰਸ ਨਾਲ ਰਲਿਆ ਹੋਇਆ ਕਰਾਰ ਤੇ ਬੀ-ਟੀਮ ਆਖਣ ਤੋਂ ਇਲਾਵਾ ਸਥਾਨਕ ਆਗੂਆਂ ਵੱਲੋਂ ਖਹਿਰੇ ਖਿਲਾਫ ਤਰ੍ਹਾਂ-ਤਰ੍ਹਾਂ ਦੇ ਬੋਲ ਬੋਲਣਾ ਇਸ ਗੱਲ ਦੀ ਗਵਾਹੀ ਭਰ ਰਹੇ ਸਨ ਕਿ ਖਾਣਾ ਉਹ ਖਾ ਰਹੇ ਸਨ ਤੇ ਢਿੱਡੀ ਪੀੜਾਂ ਅਕਾਲੀਆਂ ਦੇ ਪੈ ਰਹੀਆਂ ਹਨ। ਪੈਣ ਵੀ ਕਿਉਂ ਨਾ ਪਹਿਲੀ ਵਾਰੀ ਅਕਾਲੀਆਂ ਹੱਥੋਂ ਆਪੋਜ਼ੀਸ਼ਨ ਦੀ ਕੁਰਸੀ ਦਾ ਜਾਣਾ ਤੇ ਆਮ ਸਧਾਰਨ ਵਿਧਾਇਕ ਵੱਲੋਂ ਆਪਣੀ ਲਿਆਕਤ ਤੇ ਆਪਣੀ ਪਾਰਟੀ ਦੇ ਚਲਦਿਆਂ ਆਪੋਜ਼ੀਸ਼ਨ ਦਾ ਲੀਡਰ ਬਣਨਾ ਅਕਾਲੀਆਂ ਲਈ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।


Related News